ਅਧਿਆਪਕ ਕਪਿਲ ਮੋਹਨ ਕੋਰੋਨਾ ਵਾਰੀਅਰਜ਼ ਪ੍ਰਸੰਸ਼ਾ ਪੱਤਰ ਨਾਲ ਸਨਮਾਨਿਤ

ਸਨਮਾਨਿਤ ਹੋਣ ਵਾਲੇ ਅਧਿਆਪਕ ਕਪਿਲ ਮੋਹਨ ਅੱਗਰਵਾਲ ।
ਜਗਦੀਸ਼ ਸਿੰਘ ਕੁਰਾਲੀ : ਪੂਰੇ ਦੇਸ਼ ਵਿੱਚ ਜਾਰੀ ਇਸ ਸੰਕਟ ਦੀ ਘੜੀ ਵਿੱਚ ਸਮਾਜ ਸੇਵਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਅਦਾਰਿਆਂ ਵਲੋਂ ਸਮਾਜ ਅਤੇ ਲੋਕਾਂ ਦੀ ਭਲਾਈ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ । ਇਸੀ ਉਦੇਸ਼ ਨੂੰ ਸਮਰਪਿਤ ਇਸ ਸੰਕਟ ਦੀ ਘੜੀ ਵਿੱਚ ਅਤੇ ਲਾਕ ਡਾਊਨ ਦੇ ਦੌਰਾਨ ਨੇੜਲੇ ਪਿੰਡ ਸਰਕਾਰੀ ਹਾਈ ਸਕੂਲ ਗੋਸਲਾਂ ਦੇ ਅਧਿਆਪਕ ਕਪਿਲ ਮੋਹਨ ਅੱਗਰਵਾਲ ਨੂੰ ਨਿਭਾਈ ਗਈ ਸਕਾਰਾਤਮਕ ਭੂਮਿਕਾ ਦੇ ਕਾਰਨ ‘ਸੰਗਿਆਣ ਦ੍ਰਿਸਟੀ ਸੰਸਥਾ‘ ਵਲੋਂ ਉਨ੍ਹਾਂ ਨੂੰ ਕੋਰੋਨਾ ਵਾਰੀਅਰਜ਼ ਪ੍ਰਸੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਕਪਿਲ ਮੋਹਨ ਅੱਗਰਵਾਲ ਨੇ ਦਸਿਆਂ ਕਿ ‘ਸੰਗਿਆਣ ਦ੍ਰਿਸਟੀ ਸੰਸਥਾ‘ ਵਲੋਂ ਪੂਰੇ ਦੇਸ਼ ਵਿੱਚ ਉਨ੍ਹਾਂ ਸੰਸਥਾਵਾਂ, ਸਮਾਜ ਸੇਵਕਾਂ ,ਡਾਕਟਰਾਂ ,ਮੈਡੀਕਲ ਸਟਾਫ ਅਤੇ ਉਨ੍ਹਾਂ ਸਾਰੇ ਯੋਧਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ,ਜਿਨ੍ਹਾਂ ਵਲੋਂ ਇਸ ਸੰਕਟ ਦੀ ਘੜੀ ਵਿੱਚ ਸਕਾਰਾਤਮਕ ਭੂਮਿਕਾ ਨਿਭਾਈ ਗਈ ਹੈ ਜਿਨ੍ਹਾਂ ਨੇ ਸਮਾਜ ਅਤੇ ਗਰੀਬ ਲੋਕਾਂ ਤੇ ਕੋਰੋਨਾ ਪੀੜਤਾਂ ਦੀ ਹਰ ਪੱਖੋਂ ਅਣਥੱਕ ਸੇਵਾ ਕਰਕੇ ਦੇਸ਼ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ । ‘ਸੰਗਿਆਣ ਦ੍ਰਿਸਟੀ ਸੰਸਥਾ‘ ਵਲੋਂ ਚਲਾਇਆ ਗਿਆ ਇਹ ਮਿਸ਼ਨ ਬਹੁਤ ਹੀ ਪ੍ਰਸੰਸ਼ਾ ਯੋਗ ਹੈ ਅਤੇ ਮੈ ਇਸ ਸੰਸਥਾ ਦਾ ਦਿਲੋਂ ਧੰਨਵਾਦ ਕਰਦਾ ਹਾਂ । ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਅੱਜ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਇਸ ਮੁਸ਼ਕਿਲ ਸਮੇ ਵਿੱਚ ਇਕ ਦੂਜੇ ਦਾ ਸਾਥ ਦੇ ਕੇ ਇਸ ਮਹਾਂਮਾਰੀ ਤੇ ਕਾਬੂ ਪਾਈਏ ਅਤੇ ਭਾਰਤ ਨੂੰ ਮੁੜ ਤੋਂ ਇਕ ਖੁਸ਼ਹਾਲ ਦੇਸ਼ ਬਣਾਈਏ ਤਾਂ ਜੋ ਸਾਰੇ ਭਾਰਤ ਵਾਸੀ ਫਿਰ ਤੋਂ ਇਕ ਆਜ਼ਾਦ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ ।