ਇਕਾਂਤਵਾਸ ਕੀਤੇ ਵਿਅਕਤੀਆਂ ਉਤੇ ਬਾਜ਼ ਅੱਖ ਰੱਖੀ ਜਾਵੇ-ਡਾ. ਹਿਮਾਸ਼ੂੰ ਅਗਰਵਾਲ ਜੇਕਰ ਕਿਧਰੇ ਕੁਤਾਹੀ ਹੋਵੇ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ

0

ਜਿਲਾ ਪੱਧਰੀ ਕੋਵਿਡ 19 ਕਮਬੈਟ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ

ਅੰਮ੍ਰਿਤਸਰ, 14 ਜੂਨ ( ਜਗਤਾਰ ਮਾਹਲਾ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਕੋਵਿਡ 19 ਕਮਬੈਟ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸਪੱਸ਼ਟ ਕੀਤਾ ਕਿ ਜੋ ਵੀ ਵਿਅਕਤੀ ਰਾਜ ਜਾਂ ਦੇਸ਼ ਤੋਂ ਆਉਂਦਾ ਹੈ, ਉਸ ਨੂੰ 14 ਦਿਨ ਦੇ ਇਕਾਂਤਵਾਸ ਵਿਚ ਰੱਖਦੇ ਹੋਏ ਉਸ ਉਤੇ ਬਰਾਬਰ ਨਜ਼ਰ ਰੱਖੀ ਜਾਵੇ ਅਤੇ ਜੋ ਵੀ ਵਿਅਕਤੀ ਇਨਾਂ ਹਦਾਇਤਾਂ ਦੇ ਪਾਲਣ ਵਿਚ ਆਨ-ਕਾਨੀ ਕਰਦਾ ਹੈ, ਉਸ ਨੂੰ ਸਰਕਾਰੀ ਇਕਾਂਤਵਾਸ ਕੇਂਦਰ ਵਿਚ ਤਬੀਦਲ ਕਰਨ ਦੇ ਨਾਲ-ਨਾਲ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਉਤੇ ਕਾਬੂ ਪਾਉਣ ਦੇ ਇਰਾਦੇ ਨਾਲ ਕੱਲ ਤੋਂ ਮਿਸ਼ਨ ਫਤਿਹ ਦਾ ਤੀਸਰਾ ਹਫਤਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਜਨ-ਜਾਗਰੂਕਤਾ ਦੇ ਨਾਲ-ਨਾਲ ਇਕਾਂਤਵਾਸ ਵਰਗੀਆਂ ਹਦਾਇਤਾਂ ਦੀ ਪਾਲਣਾ ਕਰਵਾਉਣਾ ਵੀ ਜ਼ਰੂਰੀ ਹੈ, ਤਾਂ ਕਿ ਵਾਇਰਸ ਇਕ ਆਦਮੀ ਤੋਂ ਅੱਗੇ ਨਾ ਫੈਲੇ। ਉਨਾਂ ਕਿਹਾ ਕਿ ਘਰਾਂ ਵਿਚ ਇਕਾਂਤਵਾਸ ਕੀਤੇ ਵਿਅਕਤੀਆਂ ਉਤੇ ਨਿਗਾ ਰੱਖਣ ਦੀ ਜ਼ਿੰਮੇਵਾਰੀ ਸਿੱਧੇ ਤੌਰ ਉਤੇ ਸੈਕਟਰ ਮੈਜਿਸਟਰੇਟ ਦੀ ਹੈ ਅਤੇ ਉਹ ਆਪਣੇ-ਆਪਣੇ ਇਲਾਕੇ ਵਿਚ ਇੰਨਾਂ ਘਰਾਂ ਉਤੇ ਲੁਕਵੇਂ ਢੰਗ ਨਾਲ ਨਜ਼ਰ ਰੱਖਣ ਤੋਂ ਇਲਾਵਾ ਕੋਵਾ ਐਪ ਦੀ ਸਹਾਇਤਾ ਲੈਂਦੇ ਰਹਿਣ।

ਉਨਾਂ ਕਿਹਾ ਕਿ ਗੁਰੂ ਨਾਨਕ ਹਸਪਤਾਲ ਵਿਚ ਸ਼ੱਕੀ ਵਿਅਕਤੀਆਂ ਦੇ ਟੈਸਟ ਕਰਨ ਦੀ ਸਮਰੱਥਾ ਆਪਣੀਆਂ ਲੋੜਾਂ ਅਨੁਸਾਰ ਕਾਫੀ ਹੈ, ਪਰ ਲੋੜ ਹੈ ਕਿ ਉਥੇ ਟੈਸਟ ਸਮੇਂ ਨਾਲ ਪੁੱਜਦੇ ਕੀਤੇ ਜਾਣ। ਇਸ ਤੋਂ ਇਲਾਵਾ ਜੋ ਵਿਅਕਤੀ ਟੈਸਟ ਵਿਚ ਪਾਜ਼ਿਟਵ ਆ ਜਾਂਦਾ ਹੈ, ਉਸ ਦੇ ਸੰਪਰਕ ਨੂੰ ਤਲਾਸ਼ਣ ਅਤੇ ਇਕਾਂਤਵਾਸ ਕਰਨ ਤੇ ਟੈਸਟ ਕਰਵਾਉਣ ਦਾ ਕੰਮ ਬਿਨਾਂ ਕਿਸੇ ਢਿੱਲ ਦੇ ਪੂਰਾ ਹੋਵੇ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਸਮੇਂ ਸਿਰ ਐਕਸ਼ਨ ਕਰਨ। ਉਨਾਂ ਕਿਹਾ ਕਿ ਕੁੱਝ ਲੋਕ ਸਰਕਾਰੀ ਲੈਬਾਰਟਰੀ ਦੀ ਥਾਂ ਨਿੱਜੀ ਲੈਬਾਰਟਰੀ ਵਿਚ ਆਪਣੇ ਤੌਰ ਉਤੇ ਪਹੁੰਚ ਕਰਕੇ ਟੈਸਟ ਕਰਵਾ ਰਹੇ ਹਨ, ਜੋ ਕਿ ਅਕਸਰ ਗਲਤ ਮਿਲ ਰਹੇ ਹਨ ਅਤੇ ਸਿਹਤ ਵਿਭਾਗ ਇਸ ਬਾਰੇ ਜਾਂਚ ਕਰਕੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਦੇਵੇ। ਉਨਾਂ ਕਿਹਾ ਕਿ ਜ਼ਿਲੇ ਵਿਚੋਂ ਕੋਵਿਡ ਨੂੰ ਜੜੋਂ ਖਤਮ ਕਰਨਾ ਕੇਵਲ ਸਿਹਤ ਵਿਭਾਗ ਦਾ ਕੰਮ ਨਹੀਂ, ਇਹ ਪੁਲਿਸ, ਪ੍ਰਸ਼ਾਸਨ ਦੁਆਰਾ ਕੀਤਾ ਜਾਣ ਵਾਲਾ ਟੀਮ ਵਰਕ ਹੈ ਅਤੇ ਇਸ ਵਿਚ ਸ਼ਾਮਿਲ ਹਰੇਕ ਵਿਅਕਤੀ ਸਮੇਂ ਸਿਰ ਐਕਸ਼ਨ ਲੈ ਕੇ ਇਸ ਮਹਾਂਮਾਰੀ ਨੂੰ ਅੱਗੇ ਵੱਧਣ ਤੋਂ ਰੋਕਣ ਵਿਚ ਮਦਦ ਕਰੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਜੋਸ਼ੀ, ਸ੍ਰੀ ਸੰਦੀਪ ਰਿਸ਼ੀ ਸਹਾਇਕ ਕਮਿਸ਼ਨਰ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀਮਤੀ ਸੁਮਿਤ ਮੁੱਧ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਡਿਪਟੀ ਡਾਇਰੈਕਟਰ ਸ੍ਰੀ ਰਜਤ ਉਬਰਾਏ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

 

About Author

Leave a Reply

Your email address will not be published. Required fields are marked *

You may have missed