ਤ੍ਰਿਪਤ ਬਾਜਵਾ ਨੇ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਸੰਤ ਫਰਾਂਸਿਸ ਸਕੂਲ ਲਾਗੇ ਬਣ ਰਹੇ ਪੁੱਲ ਨੂੰ ਜਲਦ ਲੋਕ ਅਰਪਣ ਕੀਤਾ ਜਾਵੇਗਾ

ਬਟਾਲਾ, 13 ਜੂਨ (ਦਮਨ ਬਾਜਵਾ ) – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਸੂਬਾ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਮਿਸ਼ਨ ਫ਼ਤਹਿ ਦੇ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਆਰ.ਆਰ. ਬਾਵਾ ਕਾਲਜ ਤੋਂ ਜੱਸਾ ਸਿੰਘ ਰਾਮਗੜ੍ਹੀਆ ਹਾਲ ਤੱਕ ਬਣ ਰਹੀ ਸੜਕ ਦਾ ਜਾਇਜਾ ਲੈਣ ਮੌਕੇ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਪੈਸਾ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਅਤੇ ਇਸਨੂੰ ਪੂਰੀ ਇਮਾਨਦਾਰੀ ਨਾਲ ਖਰਚ ਕੀਤਾ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਜੇਕਰ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀਂ ਨਜ਼ਰ ਆਈ ਤਾਂ ਸਬੰਧਤ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਦਾ ਖੁਦ ਵੀ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕੋਈ ਕਮੀ ਪੇਸ਼ੀ ਦਿਖਾਈ ਦੇਵੇ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ।
ਇਸ ਉਪਰੰਤ ਸ. ਬਾਜਵਾ ਨੇ ਸੰਤ ਫਰਾਂਸਿਸ ਸਕੂਲ ਨੇੜੇ ਬਣ ਰਹੇ ਪੁੱਲ ਦਾ ਜਾਇਜਾ ਲਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪੁੱਲ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਸਿਟੀ ਰੋਡ ਦੇ ਪੁੱਲ ਦੇ ਨਿਰਮਾਣ ਦਾ ਜਾਇਜਾ ਵੀ ਲਿਆ ਅਤੇ ਕੰਮ ਵਿੱਚ ਤੇਜੀ ਲਿਆ ਲਈ ਕਿਹਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਦੇ ਵਿਕਾਸ ਕਾਰਜ ਜਾਰੀ ਹਨ ਅਤੇ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਕਸਤੂਰੀ ਲਾਲ ਸੇਠ, ਸ ਸੁੱਖਦੀਪ ਸਿੰਘ ਤੇਜਾ, ਗੌਤਮ ਸੇਠ ਗੁੱਡੂ, ਦਵਿੰਦਰ ਸਿੰਘ ਐੱਸ.ਡੀ.ਓ. ਲੋਕ ਨਿਰਮਾਣ, ਗੁਲਸ਼ਨ ਮਾਰਬਲ, ਪੀ.ਏ ਸਿਕੰਦਰ ਸਿੰਘ, ਰਾਜਾ ਹਰਬਖਸ਼ ਸਿੰਘ, ਰਿੰਕੂ ਚੱਠਾ, ਆਰ.ਜੀ ਇੰਡਸਟਰੀ ਤੋਂ ਰਵਨੀਤ, ਅਜੇ ਓਹਰੀ ਆਦਿ ਹਾਜ਼ਰ ਸਨ।