ਪਾਜ਼ੀਟਵ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਟੈਸਟ ਰਿਪੋਰਟ ਆਵੇਗੀ 6 ਘੰਟਿਆਂ ਵਿਚ-ਸੋਨੀ ਸੰਪਰਕ ਵਾਲੇ ਵਿਅਕਤੀਆਂ ਨੂੰ ਲੱਭਣ ਵਿਚ ਢਿੱਲ ਨਾ ਕਰੇ ਵਿਭਾਗ

ਅੰਮ੍ਰਿਤਸਰ, 14 ਜੂਨ ( ਜਗਤਾਰ ਮਾਹਲਾ ):ਅੰਮ੍ਰਿਤਸਰ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਹੋ ਰਹੇ ਇਲਾਜ ਅਤੇ ਸ਼ੱਕੀ ਵਿਅਕਤੀਆਂ ਦੇ ਕੀਤੇ ਜਾ ਰਹੇ ਟੈਸਟਾਂ ਸਬੰਧੀ ਰੀਵਿਊ ਕਰਨ ਲਈ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਵੱਲੋਂ ਅੱਜ ਸਰਕਟ ਹਾਊਸ ਵਿਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਾਰਪੋਰੇਸ਼ਨ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਪ੍ਰਿੰਸੀਪਲ ਸੁਜਾਤਾ ਸ਼ਰਮਾ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਸੁਪਰਡੈਂਟ ਡਾ. ਰਮਨ ਸ਼ਰਮਾ, ਨੋਡਲ ਅਧਿਕਾਰੀ ਡਾ. ਮਦਨ ਮੋਹਨ, ਡਾ. ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ੍ਰੀ ਸੋਨੀ ਨੇ ਮੌਜੂਦਾ ਸਥਿਤੀ ਉਤੇ ਵਿਚਾਰ-ਚਰਚਾ ਕਰਦੇ ਕਿਹਾ ਕਿ ਅਸੀਂ ਕੋਵਿਡ ਉਤੇ ਫਤਿਹ ਪਾਉਣੀ ਹੈ, ਇਸ ਲਈ ਜ਼ਰੂਰੀ ਹੈ ਕਿ ਇਸ ਵਾਇਰਸ ਦੀ ਚੇਨ ਨੂੰ ਤੋੜਿਆ ਜਾਵੇ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਉਨਾਂ ਵਿਅਕਤੀ ਦੇ ਟੈਸਟ ਦੀ ਰਿਪੋਰਟ 6 ਘੰਟੇ ਵਿਚ ਦੇਵੇਗਾ, ਜਿਸਦੇ ਪਰਿਵਾਰ ਦਾ ਮੈਂਬਰ ਪਹਿਲਾਂ ਕੋਰੋਨਾ ਪਾਜ਼ਿਟਵ ਆ ਚੁੱਕਾ ਹੋਵੇਗਾ। ਉਨਾਂ ਕਿਹਾ ਕਿ ਇਸ ਤਰਾਂ ਕੋਵਿਡ-19 ਦੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ।
ਉਨਾਂ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੂੰ ਹਦਾਇਤ ਕੀਤਾ ਕਿ ਉਹ ਕੋਵਿਡ ਮਰੀਜ਼ ਦੇ ਸੰਪਰਕ ਕੇਸ ਲੱਭਣ ਵਿਚ ਢਿੱਲ ਨਾ ਕਰਨ, ਕਿਉਂਕਿ ਇਸ ਤਰਾਂ ਵਾਇਰਸ ਅੱਗੇ ਤੋਂ ਅੱਗੇ ਫੈਲਦਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੀ ਡਿਊਟੀ ਵਿਚ ਕੁਤਾਹੀ ਕਰਦਾ ਹੈ, ਤਾਂ ਮੇਰੇ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਤਰੁੰਤ ਲਿਆਉ। ਸ੍ਰੀ ਸੋਨੀ ਨੇ ਗਲਤ ਨਤੀਜੇ ਦੇਣ ਵਾਲੀ ਨਿੱਜੀ ਲੈਬਾਂ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਅਜਿਹੀਆਂ ਲੈਬਾਰਟਰੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੀ ਟੈਸਟ ਸਮਰੱਥਾ ਬਹੁਤ ਹੈ, ਪਰ ਉਨਾਂ ਨੂੰ ਨਮੂਨੇ ਉਨਾਂ ਦੀ ਲੋੜ ਅਨੁਸਾਰ ਤਿਆਰ ਕਰਕੇ ਦਿੱਤੇ ਜਾਣ। ਸ੍ਰੀ ਸੋਨੀ ਨੇ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੂੰ ਵੀ ਹਦਾਇਤ ਕੀਤੀ ਕਿ ਉਹ ਵਾਰਡ ਵਿਚ ਦਾਖਲ ਹਰੇਕ ਮਰੀਜ਼ ਉਤੇ ਧਿਆਨ ਦੇਣ, ਕਿਉਂਕਿ ਸਰਕਾਰ ਲਈ ਹਰ ਨਾਗਰਿਕ ਦੀ ਜਾਨ ਬਹੁਤ ਅਹਿਮ ਹੈ।