ਸਮਾਜ ਸੇਵਾਵਾਂ ਲਈ ਡੀ ਸੀ ਰੋਪੜ ਵੱਲੋਂ ਕਲੱਬ ਪ੍ਰਧਾਨ ਬਿੱਕੀ ਸਨਮਾਨਿਤ

ਕਲੱਬ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਡੀ ਸੀ ਰੋਪੜ ਸੋਨਾਲੀ ਗਿਰੀ।
ਜਗਦੀਸ਼ ਸਿੰਘ ਕੁਰਾਲੀ : ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਰਹੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਕਲੱਬ ਆਪਣੇ ਵੱਲੋਂ ਕੀਤੇ ਜਾ ਰਹੇ ਕੰਮਾਂ ਕਾਰਨ ਕਿਸੇ ਪਛਾਣ ਦੇ ਮੁਹਤਾਜ ਨਹੀਂ ਹੁੰਦੇ। ਇਸੇ ਤਰ੍ਹਾਂ ਨੇੜਲੇ ਪਿੰਡ ਖ਼ੈਰ ਪੁਰ ਦਾ ਯੁਵਕ ਸੇਵਾਵਾਂ ਕਲੱਬ ਵੀ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਇਹ ਕਲੱਬ ਪ੍ਰਧਾਨ ਬਿਕਰਮਜੀਤ ਸਿੰਘ ਬਿੱਕੀ (ਬੱਡੀ ਵਿਦਿਆਰਥੀ) ਦੀ ਯੋਗ ਅਗਵਾਈ ਵਿੱਚ ਆਪਣੇ ਹੋਰ ਉਸਾਰੂ ਸੋਚ ਦੇ ਨੌਜਵਾਨਾਂ ਦੇ ਸਾਥ ਨਾਲ ਮਿਲਕੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਹਮੇਸ਼ਾ ਲੋਕ ਸੇਵਾ ਕਰਨ ਲਈ ਤਤਪਰ ਰਹਿੰਦਾ ਹੈ ਇਸ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਤਾਲਾਬੰਦੀ ਦੌਰਾਨ ਕੋਵਿਡ 19 ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ, ਮੁਫ਼ਤ ਮਾਸਕ ਵੰਡਣ, ਪਿੰਡ ਦੀ ਸਾਫ ਸਫਾਈ ਅਤੇ ਪਿੰਡ ਦੀ ਹਰ ਗਲੀ , ਮੁਹੱਲੇ ਨੂੰ ਸੈਨੇਟਾਇਜ਼ ਕਰਨ ਵਰਗੀਆਂ ਸੇਵਾਵਾਂ ਬਦਲੇ ਬੀਤੇ ਦਿਨ ਡਿਪਟੀ ਕਮਿਸ਼ਨਰ ਰੋਪੜ ਸ਼੍ਰੀ ਮਤੀ ਸੋਨਾਲੀ ਗਿਰੀ ਵੱਲੋ ਇਕ ਸਮਾਰੋਹ ਦੌਰਾਨ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ (ਬੱਡੀ ਵਿਦਿਆਰਥੀ) ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਿਕਰਮਜੀਤ ਸਿੰਘ ਵੱਲੋਂ ਡੀ ਸੀ ਸਾਹਿਬਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਅੱਗੇ ਵੀ ਵੱਧ ਚੜ੍ਹ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਇਸ ਸਨਮਾਨ ਲਈ ਪਿੰਡ ਦੀ ਸਰਪੰਚ ਸ਼੍ਰੀ ਮਤੀ ਬੇਅੰਤ ਕੌਰ ਨੇ ਡੀ ਸੀ ਸ਼੍ਰੀ ਮਤੀ ਸੋਨਾਲੀ ਗਿਰੀ ਦਾ ਧੰਨਵਾਦ ਕੀਤਾ।