ਸਿਵਲ ਹਸਪਤਾਲ ਬਟਾਲਾ ਵਿੱਚ ਅੱਜ ਤਿੰਨ ਹੋਰ ਮਰੀਜ਼ਾਂ ਨੇ ਕੋਰੋਨਾ ਉੱਪਰ ਫ਼ਤਿਹ ਹਾਸਲ ਕੀਤੀ

ਬਟਾਲਾ, 15 ਜੂਨ (ਦਮਨ ਪਾਲ ਸਿੰਘ ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਅੱਜ ਤਿੰਨ ਹੋਰ ਮਰੀਜ਼ਾਂ ਨੇ ਕੋਰੋਨਾ ਵਾਇਰਸ ਉੱਪਰ ਫ਼ਤਿਹ ਹਾਸਲ ਕੀਤੀ ਹੈ। ਇਹ ਤਿੰਨੇ ਮਰੀਜ਼ ਬਟਾਲਾ ਦੇ ਸੁੰਦਰ ਨਗਰ ਇਲਾਕੇ ਦੇ ਰਹਿਣ ਵਾਲੇ ਹਨ। ਅੱਜ ਸਿਵਲ ਹਸਪਤਾਲ ਵਿਚੋਂ ਠੀਕ ਹੋਏ ਮਰੀਜ਼ਾਂ ਨੂੰ ਰਵਾਨਾ ਕਰਨ ਮੌਕੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਭੱਲਾ ਨੇ ਦੱਸਿਆ ਕਿ ਬਟਾਲਾ ਦੇ ਸੁੰਦਰ ਨਗਰ ਇਲਾਕੇ ਦੇ ਬੀਰ ਸਿੰਘ, ਰਾਜਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਬੀਤੇ ਦਿਨੀਂ ਕੋਰੋਨਾ ਪਾਜ਼ਿਟਵ ਆਏ ਸਨ ਅਤੇ ਇਹ ਮਰੀਜ਼ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰ-ਏ-ਇਲਾਜ ਸਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਦੇ ਮਾਹਿਰਾਂ ਡਾਕਟਰਾਂ ਵਲੋਂ ਇਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਇਨ੍ਹਾਂ ਤਿੰਨਾ ਮਰੀਜ਼ਾਂ ਦੀਆਂ ਰਿਪੋਰਟਾਂ ਹੁਣ ਕੋਰੋਨਾ ਨੈਗੇਟਿਵ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਹ ਨੌ-ਬਰ-ਨੌ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।
ਡਾ. ਭੱਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਲਾਗ ਦੀ ਬਿਮਾਰੀ ਹੈ ਅਤੇ ਸਾਵਧਾਨੀਆਂ ਵਰਤ ਕੇ ਇਸਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਮਿਸ਼ਨ ਫ਼ਤਿਹ ਵੀ ਚਲਾਇਆ ਜਾ ਰਿਹਾ ਹੈ, ਜਿਸ ਰਾਹੀਂ ਲੋਕਾਂ ਨੂੰ ਸਾਵਧਾਨੀਆਂ ਬਾਰੇ ਦੱਸਿਆ ਜਾ ਰਿਹਾ ਹੈ।