ਜ਼ਿਲ੍ਹਾ ਮੋਹਾਲੀ ਦੇ ‘ਸੰਯੁਕਤ ਸੂਰ ਅਤੇ ਮੱਛੀ ਫਾਰਮ‘ ਦਾ ਦੌਰਾ ਕੀਤਾ

ਸੂਰ ਫਾਰਮ ਦਾ ਦੌਰਾ ਕਰਦੇ ਹੋਏ ਕੇ ਵੀ ਕੇ ਦੇ ਮਾਹਿਰ।
ਜਗਦੀਸ਼ ਸਿੰਘ ਕੁਰਾਲੀ : ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ,ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਜ਼ਿਲ੍ਹਾ ਮੋਹਾਲੀ ਦੇ ‘ਸੰਯੁਕਤ ਸੂਰ ਅਤੇ ਮੱਛੀ ਫਾਰਮ‘ ਵਿਖੇ ਫੇਰੀ ਦਾ ਆਯੋਜਨ ਕੀਤਾ ਗਿਆ। ਕੇ.ਵੀ.ਕੇ., ਮੋਹਾਲੀ ਦੀ ਅਗਵਾਈ ਹੇਠ ਸ. ਅੰਮ੍ਰਿਤਪਾਲ ਸਿੰਘ ਨੇ ਪਿੰਡ ਢਕੋਰਾ ਕਲਾਂ ਵਿਖੇ ‘ਸੰਯੁਕਤ ਸੂਰ ਅਤੇ ਮੱਛੀ ਫਾਰਮ‘ ਦੀ ਸ਼ੁਰੂਆਤ ਕੀਤੀ। ਡਾ. ਯਸ਼ਵੰਤ ਸਿੰਘ (ਡਿਪਟੀ ਡਾਇਰੈਕਟਰ, ਕੇ.ਵੀ.ਕੇ ਮੋਹਾਲੀ) ਨੇ ਸ. ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕਰਦਿਆਂ ਡਾ. ਵਰਮਾ ਨੂੰ ਦੱਸਿਆ ਕਿ ਉਹਨਾਂ ਨੇ ਸਾਲ 2019 ਵਿੱਚ ਸੂਰ ਪਾਲਣ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਨੂੰ ਸੂਰ ਫਾਰਮ ਦੀ ਰਹਿੰਦ-ਖੂੰਹਦ ਦਾ ਨਿਪਟਾਰੇ ਕਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਦੇ ਹੱਲ ਲਈ ਉਹਨਾਂ ਨੇ ਕੇ.ਵੀ.ਕੇ. ਮੋਹਾਲੀ ਦੇ ਮਾਹਿਰਾਂ ਨਾਲ ਗੱਲ-ਬਾਤ ਕੀਤੀ ਜਿਸ ਨਾਲ ਉਹਨਾਂ ਦਾ ਮਾਰਗ ਦਰਸ਼ਨ ਹੋ ਸਕੇ। ਕੇ.ਵੀ.ਕੇ. ਮੋਹਾਲੀ ਦੇ ਮਾਹਿਰਾਂ ਦੀ ਟੀਮ ਨੇ ਉਹਨਾਂ ਦੇ ਫਾਰਮ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸੂਰ ਅਤੇ ਮੱਛੀ ਪਾਲਣ ਲਈ ‘ਸੰਯੁਕਤ ਸੂਰ ਅਤੇ ਮੱਛੀ ਪਾਲਣ‘ ਮਾਡਲ ਅਪਣਾਉਣ ਦੀ ਸਲਾਹ ਦਿੱਤੀ। ਡਾ. ਵਰਮਾ ਨੇ ਕੇ.ਵੀ.ਕੇ. ਅਤੇ ਯੂਨੀਵਰਸਿਟੀ ਦੁਆਰਾ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਲਈ ਉਨ੍ਹਾਂ ਨੇ ਕੇ.ਵੀ.ਕੇ. ਟੀਮ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਆਪਣੀ ਖੇਤੀ ਆਮਦਨੀ ਵਧਾਉਣ ਲਈ ‘ਸੰਯੁਕਤ ਸੂਰ ਅਤੇ ਮੱਛੀ ਪਾਲਣ‘ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਸੁਝਾਅ ਵੀ ਦਿੱਤਾ। ਡਾ. ਯਸ਼ਵੰਤ ਸਿੰਘ ਨੇ ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦਾ ਇਸ ਦੌਰੇ ਲਈ ਆਪਣਾ ਸਮਾਂ ਕੱਢਣ ਅਤੇ ਕੇ.ਵੀ.ਕੇ ਟੀਮ ਦੇ ਮਨੋਬਲ ਨੂੰ ਵਧਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।