ਮਿਸ਼ਨ ਫ਼ਤਿਹ ਤਹਿਤ ਆਂਗਨਵਾੜੀ ਵਰਕਰ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਕੀਤਾ ਜਾਗਰੂਕ ਸਾਵਧਾਨੀ ਵਰਤ ਕੇ ਬਚਿਆ ਜਾ ਸਕਦਾ ਹੈ ਕੋਰੋਨਾ ਵਾਇਰਸ ਤੋਂ – ਸੀ.ਡੀ.ਪੀ.ਓ. ਬਟਾਲਾ

ਬਟਾਲਾ, 17 ਜੂਨ (ਦਮਨ ਪਾਲ ਸਿੰਘ ) – ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਵਿਭਾਗ ਵਲੋਂ ਅੱਜ ਆਪਣੇ ਵਿਭਾਗ ਦੇ ਕੋਵਿਡ-19 ਦੇ ਫਰੰਟ ਲਾਈਨ ਵਰਕਰ ਜਿਨ੍ਹਾਂ ਵਿੱਚ ਆਂਗਨਵਾੜੀ ਵਰਕਰ ਤੇ ਸੁਪਰਵਾਈਜਰ ਸ਼ਾਮਲ ਹਨ, ਉਨ੍ਹਾਂ ਨੂੰ ਮਿਸ਼ਨ ਫ਼ਤਿਹ ਦੇ ਬੈਜ ਲਗਾਏ ਗਏ।
ਬਟਾਲਾ ਦੇ ਸੀ.ਡੀ.ਪੀ.ਓ. ਵਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਆਂਗਨਵਾੜੀ ਵਰਕਰਾਂ ਤੇ ਸੁਪਰਵਾਈਜ਼ਰ ਨੂੰ ਮਿਸ਼ਨ ਫ਼ਤਿਹ ਦੇ ਬੈਜ ਲਗਾ ਕੇ ਫੀਲਡ ਲਈ ਰਵਾਨਾ ਕੀਤਾ ਗਿਆ ਹੈ ਜਿਥੇ ਉਨ੍ਹਾਂ ਵਲੋਂ ਘਰ-ਘਰ ਜਾ ਕੇ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੱਸ ਕੇ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕੋਵਿਡ-19 ਬਿਮਾਰੀ ਦਾ ਅਜੇ ਤੱਕ ਦੁਨੀਆਂ ਵਿੱਚ ਕੋਈ ਇਲਾਜ ਨਹੀਂ ਲੱਭਿਆ ਹੈ, ਇਸ ਲਈ ਆਂਗਨਵਾੜੀ ਵਰਕਰਾਂ ਨੇ ਘਰੋ-ਘਰੀ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਦੀ ਵਰਤੋਂ ਜਰੂਰ ਕਰਨ।
ਓਧਰ ਆਂਗਨਵਾੜੀ ਵਰਕਰਾਂ ਨੇ ਘਰੋ-ਘਰੀ ਜਾ ਕੇ ਲੋਕਾਂ ਨੂੰ ਮਾਸਕ ਪਾਉਣ, 6 ਫੁੱਟ ਦੀ ਸਮਾਜਿਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ 10 ਸਾਲ ਤੱਕ ਉਮਰ ਦੇ ਬੱਚੇ ਅਤੇ 60 ਸਾਲ ਤੋਂ ਵੱਧ ਦੇ ਬਜ਼ੁਰਗ ਕੋਰੋਨਾ ਵਾਇਰਸ ਤੋਂ ਬਚਣ ਦੀ ਹੋਰ ਵੀ ਵਧੇਰੇ ਸਾਵਧਾਨੀਆਂ ਵਰਤਣ। ਆਂਗਨਵਾੜੀ ਵਰਕਰਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਨਾਲ ਜੁੜਨ ਤਾਂ ਜੋ ਇਸ ਖਤਰਨਾਕ ਬਿਮਾਰੀ ਉੱਪਰ ਕਾਬੂ ਪਾਇਆ ਜਾ ਸਕੇ। ਜਾਗਰੂਕਤਾ ਮੁਹਿੰਮ ਦੌਰਾਨ ਆਂਗਨਵਾੜੀ ਵਰਕਰਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਸਬੰਧੀ ਪੋਸਟਰ ਅਤੇ ਪੈਂਫਲੈਟ ਵੀ ਵੰਡੇ।