ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਸਬੰਧੀ ਖ਼ਰਚਿਆਂ ਨੂੰ ਨਿਰਧਾਰਿਤ ਕਰੇਗੀ : ਚੇਅਰਮੈਨ ਅਮਰਦੀਪ ਚੀਮਾ ਬੇਵੱਸ ਅਤੇ ਮਜਬੂਰ ਮਰੀਜ਼ਾਂ ਦੀ ਅੰਨੇਵਾਹ ਲੁੱਟ ਦੀ ਇਜ਼ਾਜਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ

ਬਟਾਲਾ, 19 ਬਟਾਲਾ (ਦਮਨ ਪਾਲ ਸਿੰਘ ) – ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਪੀੜ੍ਹਤ ਮਰੀਜ਼ਾਂ ਦਾ ਜਿਥੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਚੱਲ ਰਿਹਾ ਹੈ ਉਥੇ ਰਾਜ ਸਰਕਾਰ ਵਲੋਂ ਜਲਦ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਦੇ ਖ਼ਰਚੇ ਨਿਰਧਾਰਿਤ ਕੀਤੇ ਜਾਣਗੇ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਤਰਕਸੰਗਤ ਅਤੇ ਵਾਜਿਬ ਖ਼ਰਚੇ ਤੈਅ ਕੀਤੇ ਜਾ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ “ਕੋਵਿਡ ਸੰਕਟ ਕਰਕੇ ਪੈਦਾ ਹੋਏ ਇਨਾਂ ਅਣਕਿਆਸੇ ਹਾਲਤਾਂ ਵਿੱਚ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਅਤੇ ਪ੍ਰਮੋਟਰਾਂ ਸਮੇਤ ਹਰੇਕ ਦੀ ਵੀ ਸਮਾਜ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ।” ਉਨਾਂ ਉਮੀਦ ਜ਼ਾਹਰ ਕੀਤੀ ਕਿ ਪ੍ਰਾਈਵੇਟ ਹਸਪਤਾਲ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਕੋਵਿਡ-19 ਦੇ ਮਰੀਜ਼ਾਂ ਤੋਂ ਹੱਦ ਤੋਂ ਵੱਧ ਪੈਸੇ ਨਹੀਂ ਵਸੂਲਣਗੇ ਜਿਸਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।

ਸ. ਚੀਮਾ ਨੇ ਬਿਨਾਂ ਕਿਸੇ ਪ੍ਰਾਈਵੇਟ ਹਸਪਤਾਲ ਦਾ ਨਾਮ ਲਏ ਕਿਹਾ ਕਿ ਇਸ ਦੇ ਮੁਕਾਬਲੇ ਕੁਝ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਤੋਂ ਪ੍ਰਤੀ ਦਿਨ 30,000 ਤੋਂ 50,000 ਰੁਪਏ ਚਾਰਜ ਕਰ ਰਹੇ ਹਨ ਜੋ ਸਵੀਕਾਰ ਯੋਗ ਨਹੀਂ ਹੈ। ਉਨਾਂ ਕਿਹਾ “ਜੇ ਇਕ ਹਸਪਤਾਲ ਇਕ ਹਫ਼ਤੇ ਲਈ 50,000 ਰੁਪਏ ਵਿਚ ਇਲਾਜ ਪ੍ਰਦਾਨ ਕਰ ਸਕਦਾ ਹੈ ਤਾਂ ਦੂਸਰਾ ਹਸਪਤਾਲ ਇਕ ਦਿਨ ਦੇ 30,000 ਰੁਪਏ ਕਿਵੇਂ ਵਸੂਲ ਸਕਦਾ ਹੈ?
ਇਹ ਉਮੀਦ ਕਰਦਿਆਂ ਕਿ ਪ੍ਰਾਈਵੇਟ ਹਸਪਤਾਲ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮਰੀਜ਼ਾਂ ਤੋਂ ਵਾਜਬ ਪੈਸੇ ਵਸੂਲਣਗੇ ਅਤੇ ਸਰਕਾਰ ਨੂੰ ਸਹਿਯੋਗ ਦੇਣਗੇ, ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਇਲਾਜ ਦੇ ਖ਼ਰਚੇ ਤੈਅ ਕਰਨ ਬਾਰੇ ਅੰਤਮ ਫੈਸਲਾ ਇਕ ਜਾਂ ਦੋ ਦਿਨਾਂ ਦੇ ਅੰਦਰ ਲਿਆ ਜਾਵੇਗਾ। ਉਨਾਂ ਦੁਹਰਾਇਆ ਕਿ ਸਰਕਾਰ ਦਾ ਪ੍ਰਾਈਵੇਟ ਹਸਪਤਾਲਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ, ਪਰ ਇਸ ਦੇ ਨਾਲ ਹੀ ਸਰਕਾਰ ਬੇਵੱਸ ਅਤੇ ਮਜਬੂਰ ਮਰੀਜ਼ਾਂ ਦੀ ਅੰਨੇਵਾਹ ਲੁੱਟ ਦੀ ਇਜ਼ਾਜਤ ਨਹੀਂ ਦੇ ਸਕਦੀ।

Leave a Reply

Your email address will not be published. Required fields are marked *