ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਤ ਕੀਤਾ ,ਕਿਸਾਨ ਝੋਨੇ ਨੂੰ ਸਪਰੇਅ ਆਪਣੀ ਮਰਜ਼ੀ ਨਾਲ ਨਾ ਕਰਨ

ਬਟਾਲਾ, 24 ਜੂਨ (ਦਮਨ ਪਾਲ ਸਿੰਘ ) – ਜ਼ਮੀਨੀ ਪਾਣੀ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਬਚਾਉਣ ਲਈ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸ਼ਾਨ ਭਲਾਈ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਸਿੱਧੇ ਬੀਜੇ ਝੋਨੇ ਦੀ ਸਫਲਤਾ ਲਈ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜਰੂਰੀ ਹੈ। ਇਸ ਸਮੇਂ ਸਿੱਧੀ ਬਿਜਾਈ ਵਾਲੇ ਖੇਤ ਪਹਿਲੇ ਪਾਣੀ ਜੋ ਕਿ ਤਕਰੀਬਨ ਬਿਜਾਈ ਤੋਂ 21 ਦਿਨ ਬਾਅਦ ਲਗਾਉਣ ਦੀ ਸ਼ਿਫ਼ਾਰਸ ਕੀਤੀ ਗਈ ਹੈ, ਲਾਉਣ ਲਈ ਤਿਆਰ ਹਨ ਜਾਂ ਮੀਂਹ ਪੈਣ ਦੇ ਨਾਲ ਸਿਲਾਬ ਮਿਲਣ ਕਰਕੇ ਨਵੇਂ ਨਦੀਨ ਉੱਗ ਸਕਦੇ ਹਨ, ਜਿਨ੍ਹਾਂ ਦੀ ਸਮੇਂ ਸਿਰ ਰੋਕਥਾਮ ਬਹੁਤ ਜਰੂਰੀ ਹੈ।

ਬਟਾਲਾ ਦੀ ਖੇਤੀਬਾੜੀ ਵਿਕਾਸ ਅਧਿਕਾਰੀ ਕੰਵਲਜੀਤ ਕੌਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਆਪਣੇ ਖੇਤ ਵਿੱਚ ਉੱਗੇ ਹੋਏ ਨਦੀਨਾ ਦੀ ਪਹਿਚਾਣ ਕਰਨ ਅਤੇ ਉਸੇ ਹਿਸਾਬ ਨਾਲ ਨਦੀਨ ਨਾਸ਼ਕ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਖੇਤ ਵਿੱਚ ਸਵਾਂਕ, ਸਵਾਂਕੀ, ਮਿਰਚ ਬੂਟੀ, ਛੱਤਰੀ ਵਾਲਾ ਮੋਥਾ ਆਦਿ ਹੋਣ ਤਾਂ ਨੋਮਨੀ ਗੋਲਡ 10 ਤਾਕਤ (ਬਿਸੋਪਾਇਰੀ ਬੈਕ ਸੋਡੀਅਮ) 100 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।

ਖੇਤੀਬਾੜੀ ਵਿਕਾਸ ਅਧਿਕਾਰੀ ਨੇ ਕਿਹਾ ਕਿ ਜੇਕਰ ਖੇਤ ਵਿੱਚ ਘਾਹ ਵਾਲੇ ਨਦੀਨ ਜਿਵੇਂ ਕਿ ਗੁਤੜ ਮਪਾਣਾ, ਚੀਨੀ ਘਾਹ, ਤੱਕੜੀ ਘਾਹ ਆਦਿ ਹੋਵੇ ਤਾਂ ਰਾਈਸਸਟਾਰ 6.7 ਤਾਕਤ (ਫਿਨੋਕਸ ਪੀ. ਇਥਾਇਲ) 400 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ, ਜੇਕਰ ਖੇਤ ਵਿੱਚ ਚੌੜੇ ਪੱਤੇ ਵਾਲੇ ਨਦੀਨ (ਚੁਲਾਣੀ, ਤਾਂਦਲਾ, ਮਿਰਚ ਬੂਟੀ) ਅਤੇ ਮੋਥੇ ਆਦਿ ਹੋਣ ਤਾਂ ਐੱਲਮਿਕਸ 20 ਤਾਕਤ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਨਦੀਨਨਾਸ਼ਕ ਦਾ ਛਿੜਕਾਅ ਕਰਦੇ ਸਮੇਂ ਖੇਤ ਵਿੱਚ ਸਿੱਲ ਜਰੂਰ ਹੋਵੇ। ਜੇਕਰ ਖੇਤ ਵਿੱਚ ਇੱਕ ਤੋਂ ਜਿਆਦਾ ਨਦੀਨ ਨਾਸ਼ਕ ਦੀ ਵਰਤਣ ਦੀ ਲੋੜ ਪਵੇ ਤਾਂ 4-5 ਦਿਨਾਂ ਦਾ ਵਕਫ਼ਾ ਜਰੂਰ ਪਾ ਲਵੋ। ਕਦੇ ਵੀ ਆਪਣੇ ਹਿਸਾਬ ਨਾਲ ਨਦੀਨ ਨਾਸ਼ਕ ਰਲਾ ਕੇ ਨਾ ਵਰਤੋ।

Leave a Reply

Your email address will not be published.