ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਮੁਹੱਈਆ ਕਰਵਾਏ ਪੀ.ਪੀ.ਈ. ਕਿੱਟਾਂ – ਜੋਗਿੰਦਰ ਅੰਗੂਰਾਲਾ

ਬਟਾਲਾ, 23 ਜੂਨ (ਦਮਨ ਪਾਲ ਸਿੰਘ)‘ਸੁਨਹਿਰਾ ਭਾਰਤ’ ਰਜਿ. ਸੰਸਥਾ ਦੇ ਸੂਬਾ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਬੀਤੇ ਦਿਨੀ ਫਗਵਾੜਾ ਵਿਖੇ ਬਤੌਰ ਐਸ.ਐਚ.ਓ ਦੀ ਡਿਊਟੀ ਨਿਭਾ ਰਹੇ ਸ. ਓਂਕਾਰ ਸਿੰਘ ਬਰਾੜ ਅਤੇ 5 ਹੋਰ ਪੁਲਿਸ ਕਰਮੀਆਂ ਨੂੰ ਕਰੋਨਾ ਪਾਜੀਟਿਵ ਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਕੋਲੋਂ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਪੀ.ਪੀ.ਈ.ਕਿੱਟਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ’ਤੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਸਾਡੇ ਪੁਲਿਸ ਕਰਮੀਆਂ ਨੇ ਇਸ ਆਫਤ ਦੀ ਕੜੀ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਹੈ ਪਰ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੀ.ਪੀ.ਈ.ਕਿੱਟਾਂ ਨਾ ਮੁਹੱਈਆ ਕਰਵਾਉਣ ਲਈ ਪੁਲਿਸ ਕਰਮੀ ਵੀ ਆਪਣੇ ਆਪ ਨੂੰ ਨਿਹੱਥਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੇ ਕਰਮਚਾਰੀ ਉਹ ਕਰੋਨਾ ਯੋਧੇ ਹਨ ਜਿੰਨ੍ਹਾਂ ਵੱਲੋਂ ਲਾਕਡਾਊਨ ਦੌਰਾਨ ਸੜਕਾਂ ’ਤੇ ਧੁੱਪ ਵਿੱਚ ਖਲੋ ਕੇ ਬਿਤਾਇਆ ਹੈ ਜਦੋਂ ਲਗਭਗ ਸਾਰੇ ਦੇਸ਼ ਵਾਸੀ ਆਪਣੇ ਆਪਣੇ ਘਰਾਂ ਵਿੱਚ ਬੰਦ ਹੋ ਕੇ ਇਹ ਮਹਾਂਸੰਕਟ ਖ਼ਤਮ ਹੋਣ ਦਾ ਇੰਤਜਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਿੱਚ ਸਾਡੇ ਜਿਲ੍ਹੇ ਦੇ ਵੀ ਕੁੱਝ ਅਜਿਹੇ ਅਫਸਰ ਵੀ ਹਨ ਜਿੰਨ੍ਹਾਂ ਵੱਲੋਂ ਲਗਭਗ 2 ਮਹੀਨੇ ਆਪਣੇ ਬੱਚੇ, ਮਾਂ ਬਾਪ ਅਤੇ ਪਰਿਵਾਰ ਤੋਂ ਦੂਰ ਰਹਿ ਕੇ ਆਪਣੇ ਫਰਜ਼ ਨੂੰ ਪਹਿਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਕੰਮ ਵਿੱਚ ਕੋਈ ਵੀ ਦੇਰੀ ਨਾ ਕਰਦੇ ਹੋਏ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਕਰਮੀਆਂ ਨੂੰ ਪੀ.ਪੀ.ਈ.ਕਿੱਟਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਦੀ ਵੀ ਹੌਂਸਲਾ ਅਫਜਾਈ ਹੋ ਸਕੇ ’ਤੇ ਹੋਰ ਦਲੇਰੀ ਨਾਲ ਆਪਣੀ ਡਿਊਟੀ ਨਿਭਾ ਸਕਣ। ਅੰਤ ਵਿੱਚ ਉਨ੍ਹਾਂ ਵਲੋਂ ਆਪਣੇ ਜਿਲ੍ਹੇ ਗੁਰਦਾਸਪੁਰ ਵਿੱਚ ਕਰੋਨਾ ਯੋਧੇ ਵਜੋਂ ਡਿਊਟੀ ਨਿਭਾਉਣ ਵਾਲੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸਫਾਕ, ਐਸ.ਐਸ.ਪੀ.ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਅਤੇ ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਸੇਵਾਵਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦਰਜ ਹੋ ਗਈਆਂ ਹਨ। ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਜਲਦ ਠੀਕ ਹੋਵੇ ਅਤੇ ਸੁਨਹਿਰਾ ਭਾਰਤ ਰਜਿ ਸੰਸਥਾ ਵੱਲੋਂ ਕਰੋਨਾ ਯੋਧਿਆਂ ਦਾ ਸਨਮਾਨ ਕੀਤਾ ਜਾਵੇਗਾ।