ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਗਾਇਕ ਪ੍ਰੀਤ ਹਰਪਾਲ ਦੇ ਗਾਣੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ – ਜਥੇਦਾਰ ਗੋਰਾ, ਮੈਨੇਜਰ ਭਾਟੀਆ

ਬਟਾਲਾ 25 ਜੂਨ (ਦਮਨ ਪਾਲ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਨੇ ਗਾਇਕ ਪ੍ਰੀਤ ਹਰਪਾਲ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਜਿਸ ਵਿੱਚ ਉਸਨੇ ਆਪਣੀ ਟਿਕ ਟੋਕ ਆਈ ਡੀ ਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤ ਕੇ ਗਾਏ ਗਾਣੇ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਤੇ ਜਥੇਦਾਰ ਗੋਰਾ ਤੇ ਮੈਨੇਜਰ ਭਾਟੀਆ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ। ਜਥੇਦਾਰ ਗੋਰਾ ਨੇ ਕਿਹਾ ਕਿ ਪ੍ਰੀਤ ਹਰਪਾਲ ਨੇ ਸਿੱਖ ਧਰਮ ਦੀ ਹੀ ਨਹੀਂ ਸਗੋ ਸਮੁੱਚੇ ਧਰਮਾਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਭ ਧਰਮਾਂ ਦੇ ਲੋਕ ਆਪਣਾ ਗੁਰੂ ਪੀਰ ਪੈਗੰਬਰ ਮੰਨਦੇ ਹਨ। ਉੁਹਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਦੁੱਖ ਰੋਗ ਦੂਰ ਕਰਦੇ ਹਨ। ਜਥੇਦਾਰ ਗੋਰਾ ਨੇ ਕਿਹਾ ਕਿ ਪ੍ਰੀਤ ਹਰਪਾਲ ਨੂੰ ਆਪਣੀ ਇਸ ਗਲਤੀ ਦੀ ਸਿੱਖ ਕੌਮ ਅਤੇ ਸਮੁੱਚੇ ਸੰਸਾਰ ਕੋਲੋਂ ਤਰੁੰਤ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗਣੀ ਚਾਹੀਦੀ ਹੈ।