ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਮਾਜਰੀ, ਕੁਰਾਲੀ ਵੱਲੋਂ ਸੰਗੀਤ ਖੇਤਰ ਨਾਲ ਸਬੰਧਤ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਕੁਰਾਲੀ,ਜਗਦੀਸ਼ ਸਿੰਘ :ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਮਾਜਰੀ, ਕੁਰਾਲੀ ਇਕਾਈ ਦੇ ਪ੍ਰਧਾਨ ਅਮਰਜੀਤ ਧੀਮਾਨ ਦੀ ਅਗਵਾਈ ਹੇਠ ਮੁਲਾਂਪੁਰ ਗਰੀਬਦਾਸ ਵਿਖੇ ਸਪਤਕ ਰਿਕਾਰਡਜ਼ ਸਟੂਡੀਓ ਵਿੱਚ ਸੰਗੀਤ ਨਾਲ ਜੁੜੇ ਪਤਵੰਤੇ ਸੱਜਣਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੰਚ ਵੱਲੋਂ ਸੰਗੀਤ ਖੇਤਰ ਨਾਲ ਸਬੰਧਤ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਕਰੋਨਾ ਦੀ ਮਹਾਂਮਾਰੀ ਦੌਰਾਨ ਜਿੱਥੇ ਹਰ ਵਰਗ ਨੂੰ ਘਾਟਾ ਪਿਆ ਹੈ, ਉਥੇ ਸੰਗੀਤ ਖੇਤਰ ਨੂੰ ਅੱਜ ਵੀ ਕਰੋਨਾ ਦੀ ਮਾਰ ਸਹਿਣੀ ਪੈ ਰਹੀ ਹੈ। ਅਮਰਜੀਤ ਧੀਮਾਨ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਤਕਰੀਬਨ ਸਾਰੇ ਹੀ ਕੰਮਕਾਰ ਖੋਲ ਦਿੱਤੇ ਨੇ,ਪਰ ਸੰਗੀਤ ਖੇਤਰ ਨੂੰ ਅਜੇ ਤੱਕ ਕੋਈ ਵੀ ਛੋਟ ਨਹੀਂ ਦਿਤੀ ਗਈ। ਜਾਗਰਣ ਵਾਲੇ,ਕਥਾ ਵਾਚਕ, ਸਾਊਂਡ ਸਿਸਟਮ, ਟੈਂਟ ਵਾਲੇ,ਲਾਈਟ ਵਾਲੇ, ਭਵਨ ਵਾਲੇ ਅਤੇ ਹੋਰ ਵੀ ਅਨੇਕਾਂ ਪਰਿਵਾਰ ਸੰਗੀਤ ਖੇਤਰ ਨਾਲ ਜੁੜੇ ਹੋਏ ਹਨ ਜੋ ਅੱਜ ਚੰਗੇ ਸਮੇਂ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਉੱਘੇ ਸਮਾਜ ਸੇਵੀ ਅਰਵਿੰਦ ਪੁਰੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਰਕਾਰ ਨੂੰ ਕਲਾਕਾਰਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ।ਮੰਚ ਦੇ ਆਹੁਦੇਦਾਰ ਰਾਹੀ ਮਾਣਕਪੁਰ, ਸੰਨੀ ਊਨੇ ਵਾਲਾ, ਇੰਦਰਜੀਤ ਗੋਰਖਾ, ਪਰਮਜੀਤ ਸਿੰਘ (ਪ੍ਰੀਤ ਸਾਊਂਡ ) ਤੋਂ ਇਲਾਵਾ ਸੰਦੀਪ ਸ਼ਰਮਾ, ਗੁਰਦਾਸ ਮੁਲਾਂਪੁਰ, ਵਿੱਕੀ ਸੁਜਾਨਪੁਰੀਆ, ਲਖਮੀਰ ਲੱਖਾ ਆਦਿ ਹਾਜ਼ਰ ਸਨ।