ਕਿਸਾਨ ਬਚਾਓ ਪੰਜਾਬ ਬਚਾਓ ਤਹਿਤ ਸਿਮਰਨਜੀਤ ਬੈਂਸ ਦੁਵਾਰਾ ਕੱਢੀ ਸਾਈਕਲ ਰੈਲੀ ਨੂੰ ਕੁਰਾਲੀ ਵਿਖੇ ਮਿਲਿਆ ਭਰਵਾਂ ਹੁੰਗਾਰਾ

ਕੁਰਾਲੀ,ਜਗਦੀਸ਼ ਸਿੰਘ : ਲੋਕ ਇਨਸਾਫ਼ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵੱਲੋ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਕਾਨੂੰਨ ਦੇ ਨਾਂ ‘ਤੇ ਜਾਰੀ ਕੀਤੇ ਗਏ ਤਿੰਨ ਨੋਟੀਫਿਕੇਸ਼ਨਜ਼ ਨੂੰ ਰੱਦ ਕਰਵਾਉਣ ਲਈ ਅਜ ‘ਕਿਸਾਨ ਬਚਾਓ, ਪੰਜਾਬ ਬਚਾਓ’ ਰੋਸ ਮਾਰਚ (ਸਾਈਕਲ ਯਾਤਰਾ) ਕੱਢੀ ਗਈ । ਇਸ ਰੋਸ ਮਾਰਚ ਦੀ ਅਗਵਾਈ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੀਤੀ ਅਤੇ ਰੋਸ ਮਾਰਚ ਵਿਚ ਤਕਰੀਬਨ 50 ਸਾਈਕਲ ਅੰਮ੍ਰਿਤਸਰ ਤੋਂ ਚੰਡੀਗੜ੍ਹ ਵੱਲ ਗਏ।ਇਸ ਮੌਕੇ ਇਹ ਸਾਈਕਲ ਰੈਲੀ ਕੁਰਾਲੀ ਵਿਖੇ ਰੁਕੀ ਜਿੱਥੇ ਉਨ੍ਹਾਂ ਦਾ ਲੋਕ ਇਨਸਾਫ ਪਾਰਟੀ ਦੇ ਕੁਰਾਲੀ ਵਿੰਗ ਦੇ ਵਲੰਟੀਅਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਕੇਂਦਰ ਸਰਕਾਰ ਖਿਲਾਫ਼ ਤੇ ਆਰਡੀਨੈਂਸ ਰੱਦ ਕਰਵਾਉਣ ਲਈ ਅੰਦੋਲਨ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰ ਕੇ ਅਤੇ ਜ਼ਲਿ੍ਹਆਂਵਾਲਾ ਬਾਗ ਦੀ ਮਿੱਟੀ ਨੂੰ ਨਤਮਸਤਕ ਹੋ ਕੇ ਕੀਤੀ ਹੈ। ਬੈਂਸ ਅਨੁਸਾਰ ਸਾਈਕਲ ਯਾਤਰਾ ਦੌਰਾਨ ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਬੈਂਸ ਨੇ ਮੁੱਖ ਮੰਤਰੀ ਤੋਂ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦੋ ਵਿਧਾਇਕਾਂ ਨੂੰ ਛੱਡ ਕੇ ਬਾਕੀ 115 ਵਿਧਾਇਕ ਆਰਡੀਨੈਂਸ ਦੇ ਵਿਰੋਧ ਵਿਚ ਹਨ। ਉਨ੍ਹਾਂ ਕਿਹਾ ਕਿ ਜਦੋਂ ਸੀਏਏ ਦੇ ਖਿਲਾਫ਼ ਵਿਧਾਨ ਸਭਾ ਸੈਸ਼ਨ ਬੁਲਾਇਆ ਜਾ ਸਕਦਾ ਹੈ, ਫਿਰ ਕਿਸਾਨੀ ਮੁੱਦੇ ‘ਤੇ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਸਿਰਫ਼ ਕਣਕ, ਨਰਮਾ ਤੇ ਝੋਨੇ ‘ਤੇ ਸਹੀ ਰੂਪ ਵਿਚ ਐੱਮਐੱਸਪੀ ਮੁਤਾਬਕ ਰੇਟ ਮਿਲਦਾ ਹੈ, ਜਦੋਂ ਕਿ ਬਾਕੀ ਫਸਲਾਂ ਐੱਮਐੱਸਪੀ ਮੁਤਾਬਕ ਨਹੀਂ ਖਰੀਦੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਮੰਡੀ ਪ੍ਰਣਾਲੀ ਟੁੱਟਣ ਕਾਰਨ ਪੰਜਾਬ ਨੂੰ 4000 ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ। ਇਸ ਨਾਲ ਪੰਜਾਬ ਦਾ ਮਾੜਾ ਦੌਰ ਸ਼ੁਰੂ ਹੋਵੇਗਾ। ਇਕੱਲੀ ਖੇਤੀਬਾੜੀ, ਕਿਸਾਨੀ ਹੀ ਨਹੀਂ ਖੇਤ ਮਜ਼ਦੂਰ ਸਮੇਤ ਹੋਰ ਵਪਾਰ ਤਬਾਹ ਹੋ ਜਾਣਗੇ।
ਫੋਟੋ ਕੈਪਸ਼ਨ ੨. ਸਾਈਕਲ ਰੈਲੀ ਦੇ ਕੁਰਾਲੀ ਪਹੁੰਚਣ ਉਤੇ ਸਵਾਗਤ ਕਰਦੇ ਹੋਏ ਕੁਰਾਲੀ ਦੇ ਵਲੰਟੀਅਰ