ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗੂੰਜਿਆ ‘ਫ਼ਤਿਹ ਹੋਊ ਪੰਜਾਬੀਓ’ ਦਾ ਗੀਤ

ਅੰਮ੍ਰਿਤਸਰ, 30 ਜੂਨ (ਮਨਵਿੰਦਰ ਸਿੰਘ ਵਿੱਕੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਵਿੱਢੀ ਜੰਗ ਵਿਚ ਪੰਜਾਬ ਵਾਸੀਆਂ ਨੂੰ ਜਾਗਰੂਕ ਅਤੇ ਮਾਨਸਿਕ ਤੌਰ ਉਤੇ ਮਜ਼ਬੂਤ ਕਰਨ ਲਈ ਸ਼ੁਰੂ ਗਈ ਮਿਸ਼ਨ ਫ਼ਤਿਹ ਮੁਹਿੰਮ ਦੀ ਗੂੰਜ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੀ ਗੂੰਜੀ। ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਉਤੇ ਯੂਨੀਵਰਸਿਟੀ ਦੇ ਸਟਾਫ ਨੇ ਕੋਵਿਡ-19 ਤੋਂ ਬਚਣ ਅਤੇ ਕੌਮ ਨੂੰ ਬਚਾਉਣ ਲਈ ਹਰ ਤਰਾਂ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਆ। ਸਟਾਫ ਕੁਆਰਟਰਾਂ ਅਤੇ ਯੂਨੀਵਰਸਿਟੀ ਵਿਚ ਕੰਮ-ਕਾਰ ਨੂੰ ਆਏ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਮੂੰਹ ਉਤੇ ਮਾਸਕ ਲਗਾਉਣ, ਆਪਸੀ ਦੂਰੀ ਦੋ ਗਜ਼ ਤੱਕ ਬਣਾਉਣ ਤੇ ਹੱਥਾਂ ਦੀ ਸਫਾਈ ਕਰਦੇ ਰਹਿਣ ਲਈ ਪ੍ਰੇਰਿਆ। ਡਾ. ਸੰਧੂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਕੋਵਿਡ-19 ਦਾ ਖ਼ਤਰਾ ਅਜੇ ਗਿਆ ਨਹੀਂ ਹੈ ਅਤੇ ਅਸੀਂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਆਪਣੇ ਕੰਮਕਾਰ ਕਰਨੇ ਹਨ। ਉਨਾਂ ਕਿਹਾ ਕਿ ਚਾਹੇ ਅੱਜ ਪੜਾਈ ਲਈ ਕਲਾਸਾਂ ਨਹੀਂ ਲੱਗ ਰਹੀਆਂ, ਪਰ ਸੈਂਕੜੇ ਲੋਕ ਯੂਨੀਵਰਸਿਟੀ ਵਿਚ ਆਪਣੇ ਕੰਮਕਾਰਾਂ ਨੂੰ ਆ-ਜਾ ਰਹੇ ਹਨ, ਸੋ ਤੁਸੀਂ ਸਾਰਿਆਂ ਨੇ ਜਿੱਥੇ ਆਪਣੀ ਸੁਰੱਖਿਆ ਯਕੀਨੀ ਬਨਾਉਣੀ ਹੈ, ਉਥੇ ਆਪਣੇ ਸੰਪਰਕ ਵਿਚ ਆਉਂਦੇ ਹਰੇਕ ਵਿਅਕਤੀ ਨੂੰ ਵੀ ਕੋਵਿਡ-19 ਤੋਂ ਆਪਣੇ ਆਪ ਨੂੰ ਬਚਾਉਣ ਲਈ ਪ੍ਰੇਰਿਤ ਕਰਨਾ ਹੈ, ਕਿਉਂਕਿ ਲਾਗ ਤੋਂ ਫੈਲਣ ਵਾਲੀ ਇਸ ਬਿਮਾਰੀ ਦਾ ਖਤਰਾ ਉਨੀ ਦੇਰ ਬਰਕਰਾਰ ਹੈ, ਜਿੰਨਾ ਚਿਰ ਹਰੇਕ ਵਿਅਕਤੀ ਸੁਰੱਖਿਅਤ ਰਹਿਣ ਦੀ ਜੀਵਨ ਜਾਚ ਨਹੀਂ ਸਿੱਖ ਲੈਂਦਾ। ਉਨਾਂ ਕਿਹਾ ਕਿ ਸਾਡਾ ਪੜੇ ਲਿਖੇ ਹੋਣ ਦਾ ਦੇਸ਼-ਕੌਮ ਨੂੰ ਤਾਂ ਹੀ ਲਾਹਾ ਹੈ, ਜੇਕਰ ਅਸੀਂ ਇਸ ਸੰਕਟ ਮੌਕੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ। ਉਨਾਂ ਸਾਰੇ ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਖਤਰੇ ਤੋਂ ਲੋਕਾਂ ਨੂੰ ਜਾਣੂੰ ਕਰਵਾ ਕੇ ਇਸ ਤੋਂ ਬਚਣ ਲਈ ਦੱਸੇ ਜਾਂਦੇ ਗੁਰਮੰਤਰ ਉਨਾਂ ਨਾਲ ਸਾਂਝੇ ਕਰਨ।