ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ

ਰਾਜਾਸਾਂਸੀ,ਅੰਮ੍ਰਿਤਸਰ ,ਜਗਤਾਰ ਮਾਹਲਾ :ਰਾਮ ਤੀਰਥ ਰੋਡ ਤੇ ਪਿੰਡ ਗੌਂਸਾਬਾਦ ਵਿਖੇ ਲੱਗੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸਾਫ਼ ਹੋਏ ਪਾਣੀ ਨੂੰ ਸਿੰਜਾਈ ਲਈ ਵਰਤੋਂ ਵਿੱਚ ਲਿਆਉਣ ਸਬੰਧੀ ਡੀ.ਸੀ. ਅੰਮ੍ਰਿਤਸਰ ਦੀ ਅਗਵਾਈ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਅੰਮ੍ਰਿਤਸਰ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਕੋਵਿਡ 19 ਦੀਆਂ ਹਦਾਇਤਾਂ ਦਾ ਸਖ਼ਤ ਪਾਲਣ ਕੀਤਾ ਗਿਆ । ਇਸ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਪਲਾਂਟ ਵਿੱਚ ਸਾਫ਼ ਹੋਏ ਪਾਣੀ ਨੂੰ ਵਰਤਣ ਨਾਲ ਧਰਤੀ ਹੇਠਲਾ ਪਾਣੀ ਵੀ ਵਧੇਗਾ ਅਤੇ ਜ਼ਮੀਨਾਂ ਵੀ ਪਹਿਲਾਂ ਨਾਲੋਂ ਵੱਧ ਉਪਜਾਊ ਹੋਣਗੀਆਂ , ਜਿਸ ਨਾਲ ਜ਼ਮੀਨਾਂ ਦੇ ਰੇਟ ਵੀ ਵਧਣਗੇ । ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੋਰ ਵੀ ਕਈ ਥਾਵਾਂ ਤੇ ਇਹੋ ਜਿਹੇ ਪਲਾਂਟ ਬੜੀ ਸਫਲਤਾ ਪੂਰਵਕ ਕੰਮ ਕਰ ਰਹੇ ਹਨ ।
ਇਸ ਸਬੰਧੀ ਪੰਜਾਬ ਵਾਟਰ ਸਪਲਾਈ ਵਿਭਾਗ ਦੇ ਅੈਕਸੀਅਨ ਪੰਕਜ ਜੈਨ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਗੌਸਾਬਾਦ ਅਤੇ ਖਾਪੜਖੇੜੀ ਵਿੱਚ ਦੋ ਪਲਾਂਟ ਚੱਲ ਰਹੇ ਹਨ , ਜਦੋਂਕਿ ਤੀਸਰਾ ਪਲਾਂਟ ਚਾਟੀਵਿੰਡ ਵਿਖੇ ਤਿਆਰ ਹੋ ਰਿਹਾ ਹੈ ।
ਇਸ ਸਬੰਧੀ ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਪਾਣੀ ਮੁਫ਼ਤ ਦਿੱਤਾ ਜਾਵੇ , ਕਿਉਂਕਿ ਇਹ ਪਲਾਂਟ ਉਨ੍ਹਾਂ ਦੀਆਂ ਜਮੀਨਾਂ ਵਿੱਚ ਲੱਗਾ ਹੈ ।
ਅੰਤ ਵਿੱਚ ਭੂਮੀ ਰੱਖਿਆ ਅਫ਼ਸਰ ਦਿਲਾਵਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ