ਮਿਸ਼ਨ ਫ਼ਤਿਹ ਤਹਿਤ ਲਾਕਡਾਊਨ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਕੀਤੇ 5603 ਚਲਾਨ–ਦੁੱਗਲ 3831 ਨੂੰ ਵਾਰ-ਵਾਰ ਅਪੀਲਾਂ ਦੇ ਬਾਵਜੂਦ ਮਾਸਕ ਨਾ ਪਹਿਨਣ ਕਾਰਨ ਜੁਰਮਾਨਾ 23 ਮਾਰਚ ਤੋ 25 ਜੂਨ ਤੱਕ ਜੁਰਮਾਨਾ ਕਰਕੇ ਵਸੂਲੇ 1766300 ਰੁਪਏ

ਅੰਮ੍ਰਿਤਸਰ , 30 ਜੂਨ(ਜਗਤਾਰ ਸਿੰਘ ਮਾਹਲਾ )– ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਦੇ ਖਤਰੇ ਤੋਂ ਸੁਚੇਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲਾਕ ਡਾਊਨ ਦੇ ਨਿਯਮਾਂ ਦੀ ਜਾਣ ਬੁੱਝ ਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਦਿਹਾਤੀ ਪੁਲਿਸ ਵੱਲੋਂ ਸਖਤੀ ਵੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਵਿਕਰਮਜੀਤ ਦੁੱਗਲ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਨਿਯਮਾਂ ‘ਚ ਮੂੰਹ ਤੇ ਮਾਸਕ ਪਹਿਨਣਾ ਅਤੇ ਜਨਤਕ ਥਾਂਵਾਂ ‘ਤੇ ਬਿਲਕੁਲ ਵੀ ਨਾ ਥੁੱਕਣਾ ਹੈ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਹੈ,

ਪਰੰਤੂ ਬਹੁਤ ਸਾਰੇ ਲੋਕ ਇਨਾਂ ਜ਼ਰੂਰੀ ਹਦਾਇਤਾਂ ਨੂੰ ਭੁੱਲ ਕੇ ਫ਼ਿਰ ਗਲਤੀਆਂ ਕਰਦੇ ਹਨ ਅਤੇ ਆਪਣੀਆਂ ਇਨਾਂ ਗਲਤੀਆਂ ਕਾਰਨ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖਤਰੇ ‘ਚ ਪਾਉਂਦੇ ਹਨ। ਉਨਾਂ ਦੱਸਿਆ ਕਿ ਦਿਹਾਤੀ ਪੁਲਿਸ ਵਲੋ 23 ਮਾਰਚ ਤੋ 25 ਜੂਨ ਤੱਕ 5603 ਵਿਅਕਤੀਆਂ ਦੇ ਚਾਲਾਨ ਕੀਤੇ ਗਏ ਹਨ, ਜਿੰਨਾਂ ਵਿਚ 3831 ਬਿਨਾਂ ਫੇਸ ਮਾਸਕ ਦੇ, 542 ਜਨਤਕ ਥਾਵਾਂ ਤੇ ਥੂਕਣ ਦੇ ਅਤੇ 10 ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ,22 ਏਕਾਂਤਵਾਸ ਦੀ ਉਲੰਘਨਾ ਅਤੇ 1198 ਵਾਹਨਾ ਦੇ ਚਾਲਾਨ ਕੀਤੇ ਹਨ ਅਤੇ ਇਨਾਂ ਕੋਲੋਂ 1766300/- ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਸਮਝਾਉਣ ‘ਚ ਅਸਫ਼ਲ ਰਹਿਣ ਬਾਅਦ ਪੁਲਿਸ ਵੱਲੋਂ ਹੁਣ ਇਨਾਂ ਦੇ ਚਲਾਣ ਕਰਨੇ ਸ਼ੁਰੂ ਕਰਨ ਦਿੱਤੇ ਗਏ ਹਨ ਤਾਂ ਜੋ ਉਹ ਆਪਣੀ ਗਲਤੀ ਕਾਰਨ ਲੱਗੇ ਜੁਰਮਾਨੇ ਨੂੰ ਯਾਦ ਰੱਖਦੇ ਹੋਏ ਅੱਗੇ ਤੋਂ ਦੁਬਾਰਾ ਗਲਤੀ ਨਾ ਕਰਨ।
ਸ਼੍ਰੀ ਦੁੱਗਲ ਨੇ ਦੱਸਿਆ ਕਿ ਵਾਹਨਾਂ ਦੇ 1198 ਚਾਲਾਨਾਂ ਵਿਚੋ 485 ਵਾਹਨ ਸੀਜ ਕੀਤੇ ਗਏ ਹਨ ਅਤੇ ਬਾਕੀ 713 ਵਾਹਨਾਂ ਦੇ ਚਾਲਾਨ ਕੀਤੇ ਹਨ। ਉਨਾਂ ਦੱਸਿਆ ਕਿ ਕਰਿਫਊ ਦੀ ਉਲੰਘਨਾ ਕਰਨ ਵਾਲਿਆਂ ਵਿਰੁੱਧ ਧਾਰਾ 188 ਆਈ ਪੀ ਐਸ ਦੇ ਤਹਿਤ 534 ਕੇਸ ਰਜਿਸਟਰਡ ਵੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਦਿਹਾਤੀ ਪੁਲਸ ਵਲੋ ਸਾਂਝ ਕੇਦਰਾਂ ਵਿਚ 30 ਸੈਮੀਨਾਰ ਲਗਾ ਕੇ ਲੋਕਾਂ ਨੂੰ ਕੋਰੋਨਾ ਮਾਹਾਮਾਰੀ ਵਿਰੁੱਧ ਜਾਗਰੂਕ ਵੀ ਕੀਤਾ ਗਿਆ ਹੈ। ਸ਼੍ਰੀ ਦੁੱਗਲ ਨੇ ਦੱਸਿਆ ਕਿ ਦਿਹਾਤੀ ਪੁਲਸ ਵਲੋ ਲੋਕਾਂ ਨੂੰ ਜਾਗਰੂਕ ਕਰਦੇ ਹੋਏ 3372 ਵਿਅਕਤੀਆਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਇਆ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ 10 ਰੁਪਏ ਦੇ ਮਾਸਕ ਪਿੱਛੇ ਉਹ 500 ਰੁਪਏ ਦਾ ਜੁਰਮਾਨਾ ਭੁਗਤਣਾ ਚਾਹੁੰਦੇ ਹਨ ਜਾਂ ਫ਼ਿਰ ਆਪਣਾ ਮੂੰਹ ਕਿਸੇ ਵੀ ਕੱਪੜੇ ਨਾਲ ਢਕਣ ਨੂੰ ਪਹਿਲ ਦੇਣਗੇ, ਇਹ ਹੁਣ ਉਨਾਂ ‘ਤੇ ਨਿਰਭਰ ਕਰੇਗਾ।
ਉਨਾਂ ਦੱਸਿਆ ਕਿ ਜਿਹੜੇ ਦੁਕਾਨਦਾਰ ਸ਼ੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਭੰਗ ਕਰਨਗੇ ਨੂੰ 2000 ਜੁਰਮਾਨਾ ਕੀਤਾ ਜਾਵੇਗਾ ਅਤੇ ਬਾਰ ਬਾਰ ਗਲਤੀ ਦੁਹਰਾਉਣ ਤੇ ਉਸ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਲੋਕ ਸਰਕਾਰ ਵੱਲੋਂ ਮਿਲੀ ਛੂਟ ਵਿੱਚ ਜੇਕਰ ਪੁਲਿਸ ਦਾ ਸਾਥ ਦੇਣਗੇ ਤਾਂ ਹੀ ਪਿਲਸ ਉਨਾਂ ਦਾ ਸਹਿਯੋਗ ਕਰ ਸਕੇਗੀ।ਸ਼੍ਰੀ ਦੁੱਗਲ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ‘ਚ ਸਮਾਜ ਦਾ ਵੱਡਾ ਹੱਥ ਹੈ। ਜੇਕਰ ਅਸੀਂ ਲਾਕਡਾਊਨ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਾਂਗੇ ਤਾਂ ਇਸ ਨਾਲ ਜਿੱਥੇ ਕੋਰੋਨਾ ਦੇ ਖਤਰੇ ਨੂੰ ਦੂਰ ਕਰਾਂਗੇ ਉੱਥੇ ਆਪਣੇ ਜ਼ਿਲੇ ਅਤੇ ਰਾਜ ਵਿੱਚੋਂ ਕੋਵਿਡ ਨੂੰ ਖ਼ਤਮ ਕਰਨ ‘ਚ ਵੀ ਸਰਕਾਰ ਦੀ ਸਹਾਇਤਾ ਕਰਾਂਗੇ।