ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਐੱਸ ਐੱਸ ਪੀ ਨੂੰ ਦਿੱਤਾ ਮੰਗ ਪੱਤਰ, ਏ ਐੱਸ ਆਈ ਉਤੇ ਕਾਰਵਾਈ ਦੀ ਕੀਤੀ ਅਪੀਲ

ਬਟਾਲਾ 30 ਜੂਨ ( ਦਮਨ ਪਾਲ ਸਿੰਘ)ਲੋਕ ਇਨਸਾਫ ਪਾਰਟੀ ਦੇ ਸੀਨੀਅਰ ਮਹਿਲਾ ਆਗੂ ਨਾਲ ਪੁਲਿਸ ਵਿਭਾਗ ਵਿਚ ਤਾਇਨਾਤ ਇਕ ਏਐੱਸਆਈ ਵੱਲੋਂ ਅਸ਼ਲੀਲ ਮਜਾਕ ਤੇ ਹਰਕਤਾਂ ਕਰਨ ਦਾ ਕਥਿਤ ਦੋਸ਼ਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਵਫ਼ਦ ਦੇ ਰੂਪ ’ਚ ਐੱਸਐੱਸਪੀ ਬਟਾਲਾ ਦਫ਼ਤਰ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਏਐੱਸਆਈ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਮੀਤ ਸਿੰਘ, ਮਾਝਾ ਜੋਨ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਸੁਜਾਨਪੁਰ, ਹਲਕਾ ਬਟਾਲਾ ਇੰਚਾਰਜ ਵਿਜੇ ਤੇ੍ਰਹਨ, ਸ਼ਮੀ ਕੁਮਾਰ ਸ਼ਹਿਰ ਪ੍ਰਧਾਨ, ਰਾਜਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਬਟਾਲਾ ਆਦਿ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਮਹਿਲਾ ਆਗੂ ਨਾਲ ਏਡੀਸੀ ਨਾਲ ਤਾਇਨਾਤ ਗੰਨਮੈਨ ਨੇ ਭੱਦੀ ਭਾਸ਼ਾ ’ਚ ਮਜਾਕ ਕਰਦਿਆਂ ਅਸ਼ਲੀਲ ਹਰਕਤਾਂ ਕੀਤੀਆਂ ਸੀ ਜਿਸ ਨੂੰ ਲੈ ਕੇ ਉਹ ਐੱਸਐੱਸਪੀ ਬਟਾਲਾ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਦੀ ਗੈਰ ਮੌਜ਼ੂਦਗੀ ’ਚ ਡੀਐੱਸਪੀ ਪਰਮਿੰਦਰ ਕੌਰ ਨੂੰ ਮਿਲ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਡੀਐੱਸਪੀ ਪਰਮਿੰਦਰ ਕੌਰ ਨੇ ਇਸ ਕੇਸ ਦੀ ਜਾਂਚ ਥਾਣਾ ਸਿਵਲ ਲਾਈਨ ਕੇ ਐੱਸਐੱਚਓ ਪਰਮਜੀਤ ਸਿੰਘ ਨੂੰ ਸੌਂਪ ਦਿੱਤੀ ਹੈ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਮੀਤ ਸਿੰਘ ਅਤੇ ਵਿਜੇ ਤੇ੍ਰਹਨ ਨੇ ਕਿਹਾ ਕਿ ਡੀਐੱਸਪੀ ਵੱਲੋਂ ਭਰੋਸਾ ਮਿਲਣ ਦੇ ਬਾਅਦ ਉਹ ਇਸ ਕੇਸ ਦੀ ਜਾਂਚ ਦੇ ਨਤੀਜੇ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਣਗੇ।