ਵੇਰਕਾ ਨੇ ਕੀਤਾ 10 ਰੁਪਏ ਵਾਲਾ ਦਹੀ ਦਾ ਪੈਕੇਟ ਲਾਂਚ,ਲਾਕਡਾਊਨ ਦੌਰਾਨ ਖਰੀਦ ਕੀਤਾ 55 ਫੀਸਦੀ ਜਿਆਦਾ ਦੁੱਧ, ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਪੋਸ਼ਟਿਕ ਆਹਾਰ ਕਰਵਾਇਆ ਮੁਹੱਈਆ

ਅੰਮ੍ਰਿਤਸਰ 30 ਜੂਨ (ਜਗਤਾਰ ਸਿੰਘ ਮਾਹਲਾ ) –ਮਿਲਕ ਪਲਾਂਟ ਵੇਰਕਾ ਨੇ ਅੱਜ ਆਮ ਲੋਕਾਂ ਦੀ ਪਹੁੰਚ ਤੱਕ ਪਹੁੰਚਣ ਲਈ ਕੇਵਲ 10 ਰੁਪਏ ਦਾ ਪ੍ਰ੍ਰੋਟੀਨ ਭਰਪੂਰ 200 ਗਰਾਮ ਦਾ ਦਹੀ ਦਾ ਸਲਿਮਰ ਪੈਕੇਟ ਲਾਂਚ ਕੀਤਾ।
ਇਸ ਮੌਕੇ ਤੇ ਬੋਲਦਿਆਂ ਸ੍ਰ ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਵੇਰਕਾ ਨੇ ਦੱਸਿਆ ਕਿ ਵੇਰਕਾ ਸਲਿਮਰ ਦਹੀ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਉਪਲਬੱਧ ਹੈ ਅਤੇ ਇਹ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ। ਸ੍ਰ ਸੰਧੂ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਆਮ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਵੱਜੀ ਹੈ ਅਤੇ ਉਨਾਂ ਦੀ ਆਮਦਨ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਇਸ ਲਈ ਵੇਰਕਾ ਨੇ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਆਮ ਲੋਕਾਂ ਨੂੰ ਮਿਸ਼ਨ ਫਤਿਹ ਤਹਿਤ ਸਸਤੇ ਰੇਟ ਤੇ ਵਧੀਆ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ ਹੈ। ਉਨਾਂ ਦੱਸਿਆ ਕਿ ਮਾਰਕੀਟ ਵਿੱਚ ਘਟੀਆ ਕਿਸਮ ਦਾ ਖੁੱਲਾ ਦਹੀ ਵਿਕ ਰਿਹਾ ਹੈ, ਉਸ ਦੇ ਮੁਕਾਬਲੇ ਵਧੀਆ ਸਸਤਾ ਦਹੀ ਪੇਸ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਕਿਰਸਾਨੀ ਦੀ ਬਾਂਹ ਫੜਣ ਲਈ ਵੇਰਕਾ ਵੱਲੋਂ 54ਫੀਸਦੀ ਵਾਧੂ ਦੁੱਧ ਦੀ ਖਰੀਦ ਕੀਤੀ ਗਈ ਹੈ ਅਤੇ ਲੋਕਾਂ ਵੱਲੋਂ ਵੀ ਵੇਰਕਾ ਦੇ ਉਤਪਾਦ ਖਰੀਦਣ ਦਾ ਚੰਗਾ ਹੁੰਗਾਰਾ ਮਿਲਿਆ ਹੈ। ਉਨਾਂ ਦੱਸਿਆ ਕਿ ਲਾਕਡਾਊਨ ਵਿੱਚ ਵੀ ਵੇਰਕਾ ਵੱਲੋਂ ਆਪਣੇ ਖਪਤਕਾਰਾਂ ਲਈ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵੇਰਕਾ ਦੇ ਦੁੱਧ ਅਤੇ ਦੁੱਧ ਪਦਾਰਥਾਂ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਅਤੇ ਹੋਰ ਖਣਿਜ ਤੱਤਾਂ ਦੀ ਭਰਪੂਰ ਮਾਤਰਾ ਹੋਣ ਕਾਰਕੇ ਇਨਾਂ ਦੇ ਸੇਵਨ ਨਾਲ ਇਮਿਊਨਟੀ ਸਿਸਟਮ ਸੁਧਾਰ ਹੁੰਦਾ ਹੈ। ਇਸ ਮੌਕੇ ਸ੍ਰ ਨਰਿੰਦਰ ਸਿੰਘ ਚੇਅਰਮੈਨ ਮਿਲਕ ਯੂਨੀਅਨ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਦਾ ਦੁੱਧ ਪ੍ਰਾਈਵੇਟ ਡੇਅਰੀਆਂ ਨੇ ਖਰੀਦ ਕਰਨਾ ਬੰਦ ਕਰ ਦਿੱਤਾ ਸੀ ਪ੍ਰੰਤੂ ਵੇਰਕਾ ਨੇ ਕਿਸਾਨਾਂ ਦੀ ਦੁੱਧ ਖਰੀਦ ਕੇ ਡੇਅਰੀ ਨੂੰ ਹੋਣ ਵਾਲੇ ਭਾਰੀ ਆਰਥਿਕ ਨੁਕਸਾਨ ਤੋਂ ਬਚਾਇਆ ਹੈ। ਉਨਾਂ ਦੱਸਿਆ ਕਿ ਪਿਛਲੇਂ ਦਿਨੀਂ ਵੇਰਕਾ ਵੱਲੋਂ 200 ਗਰਾਮ ਦਹੀ ਕੱਪ ਦਾ ਭਾਅ 16 ਰੁਪਏ ਤੋਂ ਘਟਾ ਕੇ 15 ਰੁਪਏ ਕੀਤਾ ਗਿਆ ਅਤੇ 2 ਨਵੇਂ ਉਤਪਾਦ ਵੇਰਕਾ ਪਲੇਨ ਲੱਸੀ 20 ਰੁਪਏ ਪ੍ਰਤੀ ਲਿਟਰ ਅਤੇ ਵੇਰਕਾ ਸ਼ਾਹੀ ਦਹੀ 400 ਗਰਾਮ 32 ਰੁਪਏ ਪ੍ਰਤੀ ਕੱਪ ਸ਼ੁਰੂ ਕੀਤੇ ਗਏ ਹਨ।ਇਸ ਮੌਕੇ ਸ੍ਰ ਯਾਦਵਿੰਦਰ ਸਿੰਘ ਡਾਇਰੈਕਟਰ ਮਿਲਕਫੈਡ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੰਭਾਲਣ ਲਈ ਮਿਲਕਫੈਡ ਪੰਜਾਬ ਵੱਲੋਂ ਦੁੱਧ ਉਤਪਾਦਕਾਂ ਨੂੰ ਸਮੇਂ ਸਿਰ ਅਦਾਇਗੀਆਂ ਕਰਨ ਦੇ ਯਤਨ ਕੀਤੇ ਗਏ ਹਨ ਅਤੇ ਉਨਾਂ ਨੂੰ ਆਰਥਿਕ ਪੱਖੋਂ ਮਜਬੂਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵੇਰਕਾ ਅੰਮ੍ਰਿਤਸਰ ਤੇ ਤਰਨਤਾਰਨ ਜਿਲਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਲੋਕਾਂ ਨੂੰ ਸਪਲਾਈ ਕਰ ਰਿਹਾ ਹੈ।
ਇਸ ਮੌਕੇ ਸ੍ਰ ਅਜਾਇਬ ਸਿੰਘ ਡਾਇਰੈਕਟਰ, ਸ੍ਰ ਰਤਨ ਸਿੰਘ ਡਾਇਰੈਕਟਰ, ਸ੍ਰ ਜੋਗਿੰਦਰ ਸਿੰਘ ਡਾਇਰੈਕਟਰ, ਸ੍ਰ ਹਰਜੀਤ ਸਿੰਘ ਡਾਇਰੈਕਟਰ, ਸ੍ਰ ਪਲਵਿੰਦਰ ਸਿੰਘ, ਸ੍ਰ ਗੁਰਦੇਵ ਸਿੰਘ ਮੈਨੇਜਰ ਮਿਲਕ ਪਲਾਂਟ ਪ੍ਰੋਕਿਊਰਮੈਂਟ, ਸ੍ਰ: ਪ੍ਰੀਤਪਾਲ ਸਿੰਘ ਸਿਵਿਆ ਇੰਚਾਰਜ ਮਾਰਕੀਟਿੰਗ, ਸ੍ਰੀ ਸਤਿੰਦਰ ਪ੍ਰਸ਼ਾਦ ਮੈਨੇਜਰ ਕੁਆਲਿਟੀ ਇੰਸ਼ੋਰੈਂਸ, ਸ੍ਰ ਵਿਜੈ ਕੁਮਾਰ ਗੁਪਤਾ, ਸ੍ਰ ਜਤਿੰਦਰਪਾਲ ਸਿੰਘ ਅਤੇ ਮੈਨੇਜਰ ਖਰੀਦ ਸ੍ਰ ਲਖਬੀਰ ਸਿੰਘ ਵੀ ਹਾਜਰ ਸਨ।