ਵਰਲਡ ਰਿਕਾਰਡ ਬਣਾ ਕੇ ਕਲਾ ਖੇਤਰ ’ਚ ਪ੍ਰਸਿੱਧੀ ਖੱਟ ਰਿਹਾ ਬਲਜਿੰਦਰ ਮਾਨ

ਮਨਵਿੰਦਰ ਸਿੰਘ, ਅੰਮ੍ਰਿਤਸਰ: ਅਧਿਆਪਕ ਬਲਜਿੰਦਰ ਸਿੰਘ ਮਾਨ ਸਿੱਖਿਆ ਖੇਤਰ ਵਿੱਚ ਗਿਆਨ ਵੰਡਣ ਦੇ ਨਾਲ-ਨਾਲ ਕਲਾ ਦੇ ਖੇਤਰ ਵਿੱਚ ਵੀ ਵੱਡੀ ਪ੍ਰਸਿੱਧੀ ਖੱਟ ਰਿਹਾ ਹੈ।ਪ੍ਰਸਿੱਧ ਚਿੱਤਰਕਾਰ ਵਜੋ ਕਈ ਚਿੱਤਰ ਪ੍ਰਦਰਸ਼ਨੀਆਂ ਵਿੱਚ ਆਪਣੀ ਕਲਾ ਦੇ ਮਨਮੋਹਕ ਜਲਵੇ ਵਿਖਾਉਣ ਵਾਲਾ ਬਲਜਿੰਦਰ ਮਾਨ ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਵੀ ਕਲਾ ਨੂੰ ਸਮਰਪਿਤ ਰਹਿ ਕੇ ਕਈ ਮਨਮੋਹਕ ਚਿੱਤਰ ਚਿਤਰਨ ਤੋਂ ਇਲਾਵਾ ਕਲਾ ਨਾਲ ਸਬੰਧਿਤ ਹੋਰ ਮਾਡਲ ਬਣਾਉਣ ਵਿੱਚ ਰੁੱਝਾ ਰਿਹਾ ਹੈ।’ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਕਲਾ ‘ਤੇ ਅਧਾਰਿਤ ਕੀਤਾ ਗਿਆ ਹਰ ਕੰਮ ਉਨਾਂ ਦੀ ਰੂਹ ਨੂੰ ਸਕੂਨ ਦਿੰਦਾ ਹੈ ਅਤੇ ਰੂਹ ਨੂੰ ਸਕੂਨ ਦੇਣ ਲਈ ਹੀ ਉਹ ਹਰ ਰੋਜ ਵਿਹਲੇ ਸਮੇ ਵਿੱਚ ਦੋ ਤੋਂ ਚਾਰ ਘੰਟੇ ਤੱਕ ਦਾ ਸਮਾਂ ਕਲਾ ਖੇਤਰ ਨੂੰ ਸਮਰਪਿਤ ਕਰਦੇ ਹਨ।ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਬਲਜਿੰਦਰ ਸਿੰਘ ਮਾਨ ਨੇ ਸਮਾਜ ਲਈ ਫਰਜਾਂ ਤਹਿਤ ਸੇਵਾਵਾਂ ਨਿਭਾਉਣ ਵਾਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਦੇ ਮਨਮੋਹਕ ਪੋਟ੍ਰੇਟ ਬਣਾ ਕੇ ਦੋਵਾਂ ਅਹਿਮ ਸਖਸੀਅਤਾਂ ਨੂੰ ਸਨਮਾਨ ਵਜੋਂ ਭੇਟ ਵੀ ਕੀਤੇ ਹਨ।ਕੋਟ ਬਾਬਾ ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੇਵਾਵਾਂ ਨਿਭਾਉਣ ਵਾਲੇ ਅਧਿਆਪਕ ਬਲਜਿੰਦਰ ਸਿੰਘ ਮਾਨ ਦੀ ਖੂਬਸੂਰਤ ਕਲਾ ‘ਤੇ ਸਕੂਲ ਦਾ ਸਮੂਹ ਸਟਾਫ ਅਤੇ ਪ੍ਰਿੰਸ਼ੀਪਲ ਮੋਨਿਕਾ ਅਥਾਹ ਫਖਰ ਕਰਦੇ ਹਨ।ਬਲਜਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਉਹ ਵਿਸ਼ਵ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਦੀ ਕਲਾ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਉਨਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਕੇ ਉਹ ਵੀ ਸੰਸ਼ਾਰ ਪੱਧਰ ‘ਤੇ ਨਾਂ ਕਮਾਉਣ ਦੇ ਚਾਹਵਾਨ ਹਨ।
ਬਾਕਸ-
ਵਰਲਡ ਰਿਕਾਰਡ ਵੀ ਕੀਤੇ ਕਾਇਮ
ਅੰਮ੍ਰਿਤਸਰ ਦੇ ਪ੍ਰਸਿੱਧ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਕਲਾ ਦੇ ਖੇਤਰ ਵਿੱਚ ਵਰਲਡ ਰਿਕਾਰਡ ਬਣਾ ਕੇ ਗੁਰੂ ਨਗਰੀ ਦਾ ਨਾਂ ਰੌਸ਼ਨ ਕੀਤਾ ਹੈ।ਜਿਕਰਯੋਗ ਹੈ ਕਿ ਬਲਜਿੰਦਰ ਸਿੰਘ ਮਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਖਾਸ ਮਾਡਲ 11280 ਟੁਥਪਿਕਸ ਨੂੰ ਜੋੜ ਕੇ 80 ਘੰਟਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਸੀ।ਇਸ ਮਾਡਲ ਰਾਹੀਂ ਮਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਦੇ ਸਿਧਾਂਤ ਨੂੰ ਬਹੁਤ ਸੁੰਦਰਤਾ ਨਾਲ ਪੇਸ਼ ਕੀਤਾ ਸੀ।ਇਸ ਮਾਡਲ ਦੀ ਵਿਲੱਖਣਤਾ ਅਤੇ ਕਲਾ ਦੀ ਸਾਹਕਾਰ ਰਚਨਾ ਮੰਨਦੇ ਹੋਏ ਵਰਲਡ ਬੁੱਕ ਆਫ ਰਿਕਾਰਡਜ਼ ਇੰਗਲੈਡ ਯੂਕੇ ਵੱਲੋਂ ਇਸ ਨੂੰ ਵਰਲਡ ਰਿਕਾਰਡ ਮੰਨਦੇ ਹੋਏ ਆਰਟਿਸਟ ਮਾਨ ਨੂੰ ਵਰਲਡ ਰਿਕਾਰਡ ਨਾਲ ਸਨਮਾਨਿਤ ਕੀਤਾ ਗਿਆ।ਦੱਸਣਯੋਗ ਹੈ ਕਿ ਬਲਜਿੰਦਰ ਸਿੰਘ ਮਾਨ ਪਿਛਲੇ 23 ਸਾਲਾਂ ਤੋਂ ਕਲਾ ਦੇ ਖੇਤਰ ਨਾਲ ਜੁੜੇ ਹੋਏ ਹਨ।ਉਨਾਂ ਦੁਆਰਾ ਬਣਾਏ ਗਏ ਸ਼ਹੀਦ ਭਗਤ ਸਿੰਘ ਦੇ ਅਦਭੁੱਤ ਮਾਡਲ ਨੂੰ ਵੀ ਦਰਸਕਾਂ ਵੱਲੋਂ ਬੇਹੱਦ ਮਾਣ ਹਾਸਲ ਹੋ ਚੁੱਕਾ ਹੈ।26 ਜਨਵਰੀ ਨੂੰ ਮਾਨ ਨੇ 71000 ਟੁੱਥਪਿਕ ਨਾਲ 470 ਫੁੱਟ ਲੰਬਾ ਤਿਰੰਗਾ ਝੰਡਾ ਵੀ ਦੇਸ਼ ਨੂੰ ਸਮਰਪਿਤ ਕੀਤਾ ਹੋਇਆ ਹੈ।
ਕੈਪਸ਼ਨ-1- ਘਰ ਬੈਠ ਕੇ ਕਲਾ ਵਰਕ ਕਰਦੇ ਹੋਏ ਬਲਜਿੰਦਰ ਸਿੰਘ ਮਾਨ।
ਕੈਪਸ਼ਨ-2-ਵਰਲਡ ਰਿਕਾਰਡ ਵਿਖਾਉਂਦੇ ਹੋਏ ਬਲਜਿੰਦਰ ਸਿੰਘ ਮਾਨ।

Leave a Reply

Your email address will not be published. Required fields are marked *