ਕੋਰੋਨਾ ਵਾਇਰਸ ਦੇ ਨਾਲ ਲੋਕ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ – ਐੱਸ.ਡੀ.ਐੱਮ. ਬਟਾਲਾ

ਦਮਨਪਾਲ ਸਿੰਘ ਬਟਾਲਾ: ਡੇਂਗੂ ਦੇ ਮੱਛਰ ਨੂੰ ਪਨਪਣ ਤੋਂ ਰੋਕਣ ਲਈ ਹਰ ਸ਼ੁਕਰਵਾਰ ਡਰਾਈ ਡੇਅ ਮਨਾਇਆ ਜਾਵੇ।ਬਟਾਲਾ, 9 ਜੁਲਾਈ ( ਦਮਨ ਪਾਲ ਸਿੰਘ ) ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਡੇਂਗੂ, ਮਲੇਰੀਆ ਜਿਹੇ ਬੁਖਾਰ ਦੇ ਫੈਲਣ ਦੀ ਵੱਧਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਡੇਂਗੂ ਅਤੇ ਮਲੇਰੀਆ ਦੇ ਮੱਛਰਾਂ ਨੂੰ ਪਨਪਣ ਤੋਂ ਰੋਕਣ ਲਈ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ। ਲੋਕਾਂ ਨੂੰ ਇਹ ਅਪੀਲ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਹਰ ਕਿਸੇ ਨੂੰ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਕੋਰੋਨਾ ਕਾਲ ਦੌਰਾਨ ਇੱਕ ਹੋਰ ਬਿਮਾਰੀ ਦਾ ਫੈਲਣਾ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਬਟਾਲਾ ਸ਼ਹਿਰ ਵਿੱਚ ਡੇਂਗੂ ਦੇ ਕੇਸ ਸਾਹਮਣੇ ਆਏ ਸਨ ਅਤੇ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਬਹੁਤ ਸਾਰੇ ਘਰਾਂ ਵਿਚ ਲਾਰਵਾ ਮਿਲਣ ਕਾਰਨ ਉਨ੍ਹਾਂ ਦੇ ਚਲਾਨ ਕੱਟੇ ਸਨ। ਉਹਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧ ਵਿਚ ਇਕ ਸਖਤ ਢੰਗ ਅਪਣਾਉਣ ਕਿਉਂਕਿ ਰਾਜ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਇਕ ਹੋਰ ਬਿਮਾਰੀ ਫੈਲਣ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਟੀਮਾਂ ਵਲੋਂ ਲਾਰਵਾਨਾਸ਼ਕ ਦੇ ਛਿੜਕਾਅ ਕਰਨ ਦੇ ਨਾਲ ਸਿਹਤ ਵਿਭਾਗ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕ ਆਪਣੇ ਘਰਾਂ ਦੇ ਕੂਲਰਾਂ, ਫਰਿਜਾਂ ਦੀਆਂ ਟਰੇਆਂ, ਕੋਠੇ ਉੱਪਰ ਪਏ ਟਾਇਰਾਂ, ਗਮਲਿਆਂ ਆਦਿ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਹਰ ਸ਼ੁਕਰਵਾਰ ਨੂੰ ਇਨ੍ਹਾਂ ਸਾਰੀਆਂ ਵਸਤਾਂ ਵਿਚੋਂ ਪਾਣੀ ਕੱਢ ਕੇ ਡਰਾਈ ਡੇਅ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ 7 ਦਿਨਾਂ ਵਿੱਚ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਹਰ ਹਫਤੇ ਇੱਕ ਦਿਨ ਪਾਣੀ ਨੂੰ ਸੁਕਾ ਕੇ ਅਸੀਂ ਡੇਂਗੂ ਮੱਛਰ ਤੋਂ ਬਚ ਸਕਦੇ ਹਾਂ।