ਇਕੱਠਾਂ ਵਿੱਚ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੇਣਾ ਪਵੇਗਾ 10000 ਰੁਪਏ ਜੁਰਮਾਨਾ – ਐੱਸ.ਐੱਸ.ਪੀ. ਬਟਾਲਾ

ਪੰਜਾਬ ’ਚ ਘਰੇਲੂ ਏਕਾਂਤਵਾਸ ਅਤੇ ਰੈਸਟੋਰੈਂਟ/ਖਾਣ ਪੀਣ ਵਾਲੀਆਂ ਥਾਵਾਂ ’ਤੇ ਸਮਾਜਿਕ ਦੂਰੀ ਦਾ ਉਲੰਘਣ ਕਰਨ ਵਾਲੇ ਨੂੰ 5000 ਰੁਪਏ ਜੁਰਮਾਨਾ ਹੋਵੇਗਾ

ਬਟਾਲਾ, 24 ਜੁਲਾਈ (ਦਮਨ ਪਾਲ ਸਿੰਘ ) – ਪੰਜਾਬ ਸਰਕਾਰ ਨੇ ਆਪਣੇ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਸੂਬੇ ਵਿੱਚ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਅਤੇ ਇਕੱਠਾਂ ਵਿੱਚ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10000 ਰੁਪਏ ਜੁਰਮਾਨਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਵਿੱਚ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਰੈਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਪਾਰਕ ਥਾਵਾਂ ’ਤੇ ਸਮਾਜਿਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ 5000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਹੁਕਮਾਂ ਤਹਿਤ ਹੁਣ ਇਕੱਠਾਂ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ ਅਤੇ ਤੈਅ ਸ਼ੁਦਾ ਗਿਣਤੀ ਤੋਂ ਵੱਧ ਇਕੱਠ ਕਰਨ ਵਾਲਿਆਂ ’ਤੇ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਐੱਸ.ਐੱਸ.ਪੀ. ਬਟਾਲਾ ਸ. ਘੁੰਮਣ ਨੇ ਦੱਸਿਆ ਕਿ ਰਾਜ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁਕਾਨਾਂ/ਵਪਾਰਕ ਥਾਵਾਂ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਕਰਨ ’ਤੇ 2000 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ ਜਦਕਿ ਬੱਸਾਂ ਅਤੇ ਕਾਰਾਂ ਵਿੱਚ ਅਜਿਹੀ ਉਲੰਘਣਾ ਕਰਨ ’ਤੇ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਆਟੋ-ਰਿਕਸ਼ਾ/ਦੋ-ਪਹੀਆ ਵਾਹਨਾਂ ਦੇ ਸਬੰਧ ਵਿੱਚ 500 ਰੁਪਏ ਜੁਰਮਾਨਾ ਦੇਣਾ ਹੋਵੇਗਾ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਰਾਜ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਲੋਕਾਂ ਨੂੰ ਧਾਰਮਿਕ ਥਾਵਾਂ ’ਤੇ ਮਾਸਕ ਪਹਿਨਣ ਸਮੇਤ ਕੋਵਿਡ ਸਬੰਧੀ ਹੋਰ ਸੁਰੱਖਿਆ ਉਪਾਵਾਂ ਅਤੇ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੇ ਪਾਲਣ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਉਨਾਂ ਕਿਹਾ ਕਿ ਧਾਰਮਿਕ ਸ਼ਖਸੀਅਤਾਂ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਥਾਵਾਂ ਰਾਹੀਂ ਆਵਾਜ਼ਾਂ ਦੇ ਕੇ ਲੋਕਾਂ ਨੂੰ ਕੋਵਿਡ-19 ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ।

Leave a Reply

Your email address will not be published. Required fields are marked *