ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦੁਕਾਨਦਾਰਾਂ ਦੇ ਵਫਦ ਨਾਲ ਮੀਟਿੰਗ – 20 ਜੁਲਾਈ ਨੂੰ ਦੁਕਾਨਾਂ ਬੰਦ ਕਰਾਉਣ ਦੀ ਘਟਨਾ ਉਤੇ ਦੋਵੇਂ ਧਿਰਾਂ ਨੇ ਅਫਸੋਸ ਪ੍ਰਗਟਾਇਆ

0

ਭਵਿੱਖ ਵਿੱਚ ਅਣਸੁਖਾਵੀਂ ਸਥਿਤੀ ਪੈਦਾ ਹੋਣ ਤੋਂ ਬਚਾਉਣ ਲਈ ਰੋਜ਼ਾਨਾ ਦੋ ਵਾਰ ਹੂਟਰ ਵਜਾਉਣ ਦਾ ਫੈਸਲਾ

ਸੰਕਰ ਯਾਦਵ ਮੋਗਾ:
ਪ੍ਰਸ਼ਾਸ਼ਨ ਨੇ ਕੋਵਿਡ ਤੋਂ ਬਚਾਅ ਲਈ ਦੁਕਾਨਦਾਰਾਂ ਤੋਂ ਸਹਿਯੋਗ ਮੰਗਿਆ
ਬੀਤੀ 20 ਜੁਲਾਈ ਨੂੰ ਮੋਗਾ ਪੁਲਿਸ ਵਲੋਂ ਕਥਿਤ ਤੌਰ ਉੱਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਧੱਕੇ ਨਾਲ ਬੰਦ ਕਰਾਉਣ ਦੀ ਘਟਨਾ ਉਤੇ ਅਫਸੋਸ ਪ੍ਰਗਟ ਕਰਦਿਆਂ ਪ੍ਰਸ਼ਾਸ਼ਨ ਅਤੇ ਦੁਕਾਨਦਾਰਾਂ ਨੇ ਇਕਮਤ ਹੁੰਦੀਆਂ ਫੈਸਲਾ ਕੀਤਾ ਹੈ ਕਿ ਭਵਿਖ ਵਿਚ ਅਜਿਹੀ ਕਿਸੇ ਵੀ ਘਟਨਾ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ ਤਾਂ ਜੋ ਜ਼ਲ੍ਹਿਾ ਮੋਗਾ ਵਿੱਚ ਕੋਵਿਡ ਦੀ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਇਸ ਮਸਲੇ ਨੂੰ ਸੁਲਝਾਉਣ ਲਈ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਵੱਲੋਂ ਸ਼੍ਰੀ ਵਿਜੇ ਸਾਥੀ ਦੀ ਅਗਵਾਈ ਵਿੱਚ ਪਹੁੰਚੇ ਦੁਕਾਨਦਾਰਾਂ ਦੇ ਵਫਦ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ਼੍ਰੀ ਹੰਸ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਪੂਰੀ ਦੁਨੀਆ ਵਿੱਚ ਫੈਲੀ ਇਸ ਭਿਆਨਕ ਬਿਮਾਰੀ ਦੇ ਚਲਦਿਆਂ ਪੁਲਿਸ ਉਪਰ ਲਾਅ ਐਂਡ ਆਰਡਰ ਦੇ ਨਾਲ ਨਾਲ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਦੀ ਵੀ ਵੱਡੀ ਜਿੰਮੇਵਾਰੀ ਹੈ। ਮੂਹਰਲੀ ਕਤਾਰ ਵਿੱਚ ਲੜਦਿਆਂ ਮੋਗਾ ਪੁਲਿਸ ਦੇ ਪੁਲਿਸ ਕਪਤਾਨ ਅਤੇ ਉਪ ਪੁਲਿਸ ਕਪਤਾਨ ਸਮੇਤ 34 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਸ ਬਿਮਾਰੀ ਵੱਲੋਂ ਆਪਣੀ ਲਪੇਟ ਵਿੱਚ ਲਿਆ ਜਾ ਚੁੱਕਾ ਹੈ। ਮੌਜੂਦਾ ਸਥਿਤੀ ਵਿਚ ਮੋਗਾ ਪੁਲਿਸ ਵੀ ਬਹੁਤ ਹੀ ਤਣਾਅ ਪੂਰਨ ਸਥਿਤੀ ਹੇਠ ਕੰਮ ਕਰ ਰਹੀ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਕਰੀਏ। ਉਹਨਾਂ ਕਿਹਾ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਸਮੇਂ ਸਿਰ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਪੁਲਿਸ ਨੂੰ ਸਖਤੀ ਕਰਨ ਦੀ ਲੋੜ ਹੀ ਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਵਿਖ ਵਿਚ ਅਜਿਹੀ ਘਟਨਾ ਮੁੜ ਨਾ ਵਾਪਰੇ ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਹੁਣ ਰੋਜ਼ਾਨਾ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸ਼ਾਮ 7:30 ਵਜੇ ਅਤੇ 8:00 ਵਜੇ ਹੁਟਰ ਵੱਜਿਆ ਕਰੇਗਾ ਤਾਂ ਜੋ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਬੰਦ ਕਰਨ ਲਈ ਪਹਿਲਾਂ ਦੱਸ ਦਿੱਤਾ ਜਾਇਆ ਕਰੇ। ਇਸ ਤੋਂ ਇਲਾਵਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਵਿਸ਼ੇਸ਼ ਵਾਹਨ ਵੱਲੋਂ ਇਸ ਬਾਰੇ ਥਾਂ ਥਾਂ ਉਤੇ ਮੁਨਾਦੀ ਵੀ ਕਾਰਵਾਈ ਜਾਇਆ ਕਰੇਗੀ। ਅੰਤ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਵਿਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ, ਪੁਲਿਸ ਵਲੋਂ ਕਿਸੇ ਨੂੰ ਵੀ ਜਾਣ ਬੁੱਝ ਕੇ ਤੰਗ ਨਹੀਂ ਕੀਤਾ ਜਾਵੇਗਾ।
ਸ਼੍ਰੀ ਹੰਸ ਨੇ ਇਹ ਵੀ ਦੱਸਿਆ ਕਿ ਹੁਣ ਪ੍ਰਸ਼ਾਸ਼ਨ ਵਲੋਂ ਜ਼ਿਲ੍ਹਾ ਮੋਗਾ ਵਿੱਚ ਕੰਮ ਕਰਦੀਆਂ ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਰੁਟੀਨ ਵਿਚ ਮੀਟਿੰਗਾਂ ਕੀਤੀਆਂ ਜਾਇਆ ਕਰਨਗੀਆਂ ਤਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਨੇੜੇ ਹੋ ਕੇ ਜਾਣਿਆ ਜਾ ਸਕੇ। ਪਰ ਕੋਵਿਡ ਦੇ ਚੱਲਦਿਆਂ ਮੀਟਿੰਗ ਵਿੱਚ ਜਿਆਦਾ ਇਕੱਠ ਨਹੀਂ ਕੀਤਾ ਜਾਇਆ ਕਰੇਗਾ। ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ ਮੋਗਾ ਸ੍ਰ ਸਤਵੰਤ ਸਿੰਘ, ਸ਼੍ਰੀ ਅਸ਼ੋਕ ਮਿੱਤਲ, ਸ੍ਰ ਹਰਪ੍ਰੀਤ ਸਿੰਘ ਮਿੱਕੀ ਅਤੇ ਹੋਰ ਵੀ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed