ਪੰਜਾਬ ਸਰਕਾਰ ਹੈਲਥ ਫਾਰ ਆਲ ਦੇ ਵਾਅਦੇ ਤਹਿਤ ਲੋਕਾਂ ਨੂੰ ਦੇ ਰਹੀ ਸਿਹਤ ਸਹੂਲਤਾਂ – ਚੇਅਰਮੈਨ ਚੀਮਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਬਟਾਲਾ ਸ਼ਹਿਰ ਵਿੱਚ ਕੀਤੀ ਕੋਵਿਡ-19 ਦੀ ਸੈਂਪਲਿੰਗ

ਬਟਾਲਾ, 24 ਜੁਲਾਈ (ਦਮਨ ਪਾਲ ਸਿੰਘ ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਘਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਿਹਤ ਫਾਰ ਆਲ ਦੇ ਕੀਤੇ ਚੋਣ ਵਾਅਦੇ ਤਹਿਤ ਸੂਬਾ ਵਾਸੀਆਂ ਨੂੰ ਘਰ ਘਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਕੀਤਾ।
ਚੇਅਰਮੈਨ ਚੀਮਾ ਨੇ ਕਿਹਾ ਕਿ ਅੱਜ ਕਰੋਨਾ ਮਹਾਮਾਰੀ ਦੇ ਸਮੇਂ ਵਿੱਚ ਵੀ ਮੈਡੀਕਲ ਟੀਮਾਂ ਫਰੰਟ ਲਾਈਨ ’ਤੇ ਹੋ ਕੇ ਆਪਣੀਆਂ ਸੇਵਾਵਾਂ ਦੇ ਰਹੀਆਂ ਜਿਸ ਤਹਿਤ ਹਰ ਘਰ ਦਾ ਬੂਹਾ ਖੜਕਾ ਕੁ ਕੋਵਿਡ-19 ਦੇ ਲੱਛਣਾ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਵਾਇਰਸ ਦੀ ਇਸ ਮਹਾਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮੂਹ ਜ਼ਿਲ੍ਹਿਆਂ ਦੇ ਸਿਵਲ ਸਰਜ਼ਨ ਅਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਗਈਆ ਹਨ ਕਿ ਆਪਣੇ ਆਪਣੇ ਇਲਾਕਿਆਂ ਵਿੱਚ ਪੈਂਦੇ ਹਾਈ ਰਿਸਕ ਖੇਤਰਾਂ ਵਿੱਚ ਸੈਂਪਲਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਇਨ੍ਹਾਂ ਹਦਾਇਤਾਂ ਦੇ ਤਹਿਤ ਅੱਜ ਬਟਾਲਾ ਦੇ ਚੰਦਰ ਨਗਰ ਅਤੇ ਮੁਰਗੀ ਮੁਹੱਲਾ ਦੇ ਇਲਾਵੇ ਵਿੱਚ ਕੋਵਿਡ-19 ਦੇ ਮੁਫ਼ਤ ਸੈਪਲ ਕੁਲੈਕਟ ਕੀਤੇ ਗਏ ਹਨ। ਚੇਅਰਮੈਨ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਸੈਂਪਲ ਲੈਣ ਤੋਂ ਬਾਅਦ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਤੇ ਜਿੰਨ੍ਹਾ ਲੋਕਾਂ ਦੀ ਰਿਪੋਰਟ ਪਾਜੀਟਿਵ ਆ ਰਹੀ ਹੈ ਉਨ੍ਰਾ ਨੂੰ ਮੈਡੀਕਲ ਸੇਵਾਵਾਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਦੱਸਣਾ ਬਣਦਾ ਹੈ ਕਿ ਅੱਜ ਚੇਅਰਮੈਨ ਚੀਮਾ ਦੇ ਦਿਸ਼ਾ ਨਿਰਦੇਸ਼ ਤੇ ਹੀ ਸਥਾਨਕ ਚੰਦਰ ਨਗਰ, ਮੁਰਗੀ ਮੁਹੱਲਾ ਵਿਖੇ ਕੋਵਿਡ-19 ਦੀ ਸੈਂਪਲਿੰਗ ਲਈ ਵਿਸੇਸ ਕੈਂਪ ਦਾ ਆਯੋਜਨ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭੱਲਾ ਦੀ ਅਗਵਾਈ ਵਿੱਚ ਲਗਾਇਆ ਗਿਆ ਸੀ। ਇਸ ਕੈਂਪ ਵਿੱਚ ਹਸਪਤਾਲ ਪਹੁੰਚੀ ਸਮੁੱਚੀ ਟੀਮ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਅਤੇ ਇਲਾਕਾ ਵਾਸੀਆਂ ਦੇ ਟੈਸਟ ਕੀਤੇ। ਇਸ ਮੌਕੇ 236 ਲੋਕਾਂ ਦੇ ਸੈਂਪਲ ਲਏ ਗਏ ਹਨ ਜਿੰਨ੍ਹਾ ਨੂੰ ਜਾਂਚ ਲਈ ਭੇਜਿਆ ਜਾਵੇਗਾ ਤੇ ਭਲਕੇ ਇਨ੍ਹਾਂ ਦੀ ਰਿਪੋਰਟ ਆ ਜਾਵੇਗੀ।