ਸਾਬਕਾ ਸਰਪੰਚ ਤੇ ਉਸਦੇ ਭਾਣਜੇ ਨੂੰ 1 ਕਿਲੋ 255 ਗ੍ਰਾਂਮ ਹੈਰੋਇਨ ਅਤੇ 1,37,000 ਰੁਪਏ ਡਰੱਗ ਮਨੀ ਸਮੇਤ ਕੀਤਾ ਕਾਬੂ

ਬਟਾਲਾ ( ਦਮਨ ਪਾਲ ਸਿੰਘ ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਟਾਲਾ ਪੁਲਿਸ ਵਲੋਂ ਲਗਾਤਾਰ ਨਸ਼ੇ ਦੇ ਵੱਡੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਬਟਾਲਾ ਪੁਲਿਸ ਨੇ ਅੱਜ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ 2 ਵੱਡੇ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਕਿਲੋ 255 ਗ੍ਰਾਂਮ ਹੈਰੋਇਨ ਅਤੇ 1,37,000 ਰੁਪਏ ਡਰੱਗ ਮਨੀ ਬਰਾਂਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ ਅੱਜ ਮਿਤੀ 10 ਅਕਤੂਬਰ ਨੂੰ ਇੱਕ ਮੁਖਬਰ ਨੇ ਦਾਣਾ ਸਦਰ ਬਟਾਲਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਜੋਗਿੰਦਰ ਸਿੰਘ ਉਰਫ ਜੱਗਾ, ਸਾਬਕਾ ਸਰਪੰਚ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ, ਥਾਣਾ ਸਦਰ ਬਟਾਲਾ ਜੋ ਕਿ ਨਸ਼ੇ ਦੀ ਸਪਲਾਈ ਦਾ ਧੰਦਾ ਕਰਦਾ ਹੈ ਅਤੇ ਉਸ ਵਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਲਿਆ ਕੇ ਆਪਣੇ ਘਰ ਵਿੱਚ ਰੱਖੀ ਹੋਈ ਹੈ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਡੀ.ਐੱਸ.ਪੀ. ਬਲਬੀਰ ਸਿੰਘ ਦੀ ਅਗਵਾਈ ਹੇਠ ਐੱਸ.ਐੱਚ.ਓ. ਥਾਣਾ ਸਦਰ ਨੇ ਪੁਲਿਸ ਪਾਰਟੀ ਸਮੇਤ ਫੌਰੀ ਕਾਰਵਾਈ ਕਰਦਿਆਂ ਜੋਗਿੰਦਰ ਸਿੰਘ ਜੱਗਾ ਦੇ ਘਰ ਰੇਡ ਕੀਤਾ ਤਾਂ ਉਸ ਕੋਲੋਂ ਕੀਤੀ ਪੁੱਛ-ਗਿੱਛ ’ਤੇ ਉਸ ਦੀ ਹਵੇਲੀ ਵਿੱਚ ਖੜ੍ਹੀ ਉਸਦੀ ਕਾਰ (ਨੰਬਰ ਪੀ.ਬੀ.-18-ਡਬਲਿਊ-1832, ਹੰਡੋਈ) ਵਿਚੋਂ 1 ਕਿਲੋ ਗ੍ਰਾਮ ਹੈਰੋਇਨ ਅਤੇ ਉਸਦੇ ਘਰੋਂ 1,37,000 ਰੁਪਏ ਡਰੱਗ ਮਨੀ ਬਰਾਂਮਦ ਕੀਤੀ। ਜੋਗਿੰਦਰ ਸਿੰਘ ਦੇ ਘਰ ਉਸਦਾ ਭਾਣਜਾ ਸਰਵਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮਾੜੀ ਬੁੱਚੀਆਂ ਥਾਣਾ ਸ੍ਰੀ ਹਰਗੋਬਿੰਦਪੁਰ ਆਇਆ ਹੋਇਆ ਜਦੋਂ ਉਸਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ ਵੌ 255 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਥਾਣਾ ਸਦਰ ਬਟਾਲਾ ਵਿਖੇ ਮੁਕੱਦਮਾ ਨੰਬਰ 199 ਮਿਤੀ 10 ਅਕਤੂਬਰ 2020, ਜੁਰਮ 21-61-85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਨਸ਼ਿਆਂ ਦੀ ਸਪਲਾਈ ਸਬੰਧੀ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਜੋਗਿੰਦਰ ਸਿੰਘ ਜੱਗਾ ਪਿੰਡ ਪੁਰੀਆਂ ਦਾ ਸਾਬਕਾ ਸਰਪੰਚ ਹੈ ਅਤੇ ਇਸ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਜੋਗਿੰਦਰ ਸਿੰਘ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ 7, ਲੁੱਟਾਂ ਖੋਹਾਂ ਦੇ 3, ਚੋਰੀ ਦੇ 7, ਅਸਲਾ ਐਕਟ ਦਾ 1 ਅਤੇ ਆਬਕਾਰੀ ਐਕਟ ਦੇ 1 ਮਾਮਲੇ ਸਮੇਤ ਕੁੱਲ 19 ਮਾਮਲੇ ਦਰਜ ਹਨ। ਸਾਲ 2004 ਵਿੱਚ ਦੋਸ਼ੀ ਜੋਗਿੰਦਰ ਸਿੰਘ ਦੇ ਕਬਜ਼ੇ ਵਿਚੋਂ 520 ਕਿਲੋ ਚੂਰਾ ਪੋਸਤ ਥਾਣਾ ਸਦਰ ਮੁਕਤਸਰ ਦੀ ਪੁਲਿਸ ਨੇ ਬ੍ਰਾਂਮਦ ਕੀਤਾ ਸੀ ਅਤੇ ਇਸ ਕੇਸ ਵਿੱਚ ਉਸਨੂੰ 10 ਸਾਲ ਦੀ ਸਜ਼ਾ ਹੋਈ ਸੀ।
ਇਸ ਤੋਂ ਇਲਾਵਾ ਪੀ.ਓ. ਸਟਾਫ਼ ਬਟਾਲਾ ਵਲੋਂ ਮਿਤੀ 9 ਤੇ 10 ਅਕਤੂਬਰ ਨੂੰ 3 ਇਸ਼ਤਿਹਾਰੀ ਮੁਜ਼ਰਿਮਾਂ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਪਿਛਲੇ ਕ੍ਰੀਬ 2 ਸਾਲਾਂ ਤੋਂ ਭਗੌੜੇ ਚਲੇ ਆ ਰਹੇ ਸਨ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਬਟਾਲਾ ਪੁਲਿਸ ਦੀ ਸਮਾਜ ਵਿਰੋਧੀ ਅਨਸਰਾਂ ਖਿਲਾਫ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।