ਗੱਡੀ ਉੱਪਰ ਜਾਅਲੀ ਨੰਬਰ ਲਗਾਉਣ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਦੀ ਮੰਗ

ਬਟਾਲਾ, 29 ਅਕਤੂਬਰ (ਦਮਨ ਪਾਲ ਸਿੰਘ ) – ਬਟਾਲਾ ਨਿਵਾਸੀ ਸੁਖਜੀਤ ਸਿੰਘ ਨੇ ਐੱਸ.ਐੱਸ.ਪੀ. ਬਟਾਲਾ ਕੋਲੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਮਨਿੰਦਰ ਸਿੰਘ ਅਤੇ ਅਵਤਾਰ ਸਿੰਘ ਪੁੱੱਤਰ ਹਰਦੇਵ ਸਿੰਘ ਹਾਲ ਵਾਸੀ ਅਰਬਨ ਅਸਟੇਟ ਬਟਾਲਾ, ਜਿਨ੍ਹਾਂ ਨੇ ਜਾਅਲਸਾਜ਼ੀ ਨਾਲ ਕਾਰ ਨੂੰ ਜਾਅਲੀ ਨੰਬਰ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਹੈ, ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਪ੍ਰੈਸ ਕਾਨਫਰੰਸ ਦੌਰਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਨੇ 2013 ਵਿੱਚ ਸ਼ੈਵਰਲੈਟ ਕੰਪਨੀ ਦੀ ਗੱਡੀ ਮਾਡਲ ਸੇਲ ਯੂਵੀਏ ਸਹਿਕਾਰੀ ਬੈਂਕ ਬ੍ਰਾਂਚ ਅਰਬਨ ਅਸਟੇਟ ਬਟਾਲਾ ਤੋਂ ਲੋਨ ਕਰਾ ਕੇ ਖਰੀਦੀ ਸੀ। ਸੁਖਜੀਤ ਸਿੰਘ ਨੇ ਦੱਸਿਆ ਕਿ ਜਦੋਂ ਮਨਿੰਦਰ ਸਿੰਘ ਨੇ ਕਾਰ ਖਰੀਦੀ ਸੀ ਤਾਂ ਉਸਨੇ ਮੇਰੇ ਕੋਲੋਂ ਸੇਵਿੰਗ ਖਾਤਾ ਖੁਲਾਉਣ ਦਾ ਕਹਿ ਕੇ ਧੋਖੇ ਨਾਲ ਗਵਾਹੀ ਪਾ ਲਈ ਸੀ। ਉਸਨੇ ਦਸਿਆ ਕਿ ਮਨਿੰਦਰ ਸਿੰਘ ਨੇ ਬੈਂਕ ਨੂੰ ਲੋਨ ਦੀਆਂ ਕਿਸ਼ਤਾਂ ਵਾਪਸ ਨਹੀਂ ਕੀਤੀਆਂ ਅਤੇ ਸੰਨ 2014 ਵਿਚ ਉਹ ਆਪਣੀ ਗੱਡੀ ਆਪਣੇ ਭਰਾ ਅਵਤਾਰ ਸਿੰਘ ਨੂੰ ਦੇ ਕੇ ਵਿਦੇਸ਼ ਚਲਾ ਗਿਆ। ਗੱਡੀ ਦੀਆਂ ਕਿਸ਼ਤਾਂ ਨਾ ਜਮਾਂ ਕਰਾਉਣ ਕਾਰਨ ਬੈਂਕ ਨੇ ਕੇਸ ਕਰ ਦਿੱਤਾ। ਜਦੋਂ ਮਨਿੰਦਰ ਸਿੰਘ ਮਾਨਯੋਗ ਅਦਾਲਤ ਵਿੱਚ ਪੇਸ਼ ਨਾ ਹੋਇਆ ਤਾਂ ਉਸਨੂੰ ਅਦਾਲਤ ਨੇ ਭਗੌੜਾ ਕਰਾਰ ਕਰ ਦਿੱਤਾ। ਮਨਿੰਦਰ ਸਿੰਘ ਦੀ ਲੋਨ ਲਈ ਕਾਰ ਉਸਦਾ ਭਰਾ ਅਵਤਾਰ ਸਿੰਘ ਉਸ ਸਮੇਂ ਤੋਂ ਹੀ ਚਲਾ ਰਿਹਾ ਹੈ ਅਤੇ ਉਸ ਗੱਡੀ ਉੱਪਰ ਨੰਬਰ ਪੀ.ਬੀ.35 ਐੱਸ 0228 ਲੱਗਾ ਹੋਇਆ ਹੈ। ਅਸਲ ਵਿੱਚ ਇਹ ਨੰਬਰ ਗੱਡੀ ਉੱਪਰ ਉਕਤ ਭਰਾਵਾਂ ਵਲੋਂ ਜਾਅਲੀ ਲਗਾਇਆ ਗਿਆ ਹੈ ਕਿਉਂਕਿ ਆਰ.ਟੀ.ਏ ਪਠਾਨਕੋਟ ਵਲੋਂ ਪੀ.ਬੀ.35 ਐੱਸ 0228 ਨੰਬਰ ਤਾਂ ਪਠਾਨਕੋਟ ਦੇ ਹਵਾਲਦਾਰ ਰਾਜ ਸਿੰਘ ਦੀ ਟੀ.ਵੀ.ਐੱਸ. ਸਕੂਟੀ ਪੈਪ ਪਲੱਸ ਨੂੰ ਮਿਤੀ 7 ਫਰਵਰੀ 2013 ਨੂੰ ਜਾਰੀ ਕੀਤਾ ਗਿਆ ਸੀ। ਇਨ੍ਹਾਂ ਵਲੋਂ ਜਿਥੇ ਗੱਡੀ ਨੂੰ ਇਹ ਜਾਅਲੀ ਨੰਬਰ ਲਗਾਇਆ ਗਿਆ ਹੈ ਓਥੇ ਹੀ ਇਸ ਨੰਬਰ ਦੀ ਜਾਅਲੀ ਆਰ.ਸੀ. ਵੀ ਤਿਆਰ ਕੀਤੀ ਗਈ ਹੈ। ਸੁਖਜੀਤ ਸਿੰਘ ਨੇ ਦੱਸਿਆ ਕਿ ਇਹ ਗੱਡੀ ਕਈ ਸਾਲਾਂ ਤੋਂ ਬੈਂਕ ਤੇ ਅਦਾਲਤ ਲੱਭ ਰਹੀ ਸੀ ਪਰ ਜਾਅਲੀ ਨੰਬਰ ਹੋਣ ਕਾਰਨ ਬੈਂਕ ਅਤੇ ਅਦਾਲਤ ਦੀ ਪਹੁੰਚ ਤੋਂ ਬਾਹਰ ਸੀ। ਸੁਖਜੀਤ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਚੌਂਕੀ ਬਟਾਲਾ ਦੀ ਪੁਲਿਸ ਨੇ ਇਹ ਗੱਡੀ ਅਵਤਾਰ ਸਿੰਘ ਦੇ ਅਰਬਨ ਅਸਟੇਟ ਸਥਿਤ ਘਰ ਤੋਂ ਰਿਕਵਰ ਕਰ ਲਈ ਹੈ ਅਤੇ ਇਸ ਸਮੇਂ ਇਹ ਗੱਡੀ ਅਰਬਨ ਅਸਟੇਟ ਚੌਂਕੀ ਬਟਾਲਾ ਵਿਖੇ ਲੱਗੀ ਹੋਈ ਹੈ। ਸੁਖਜੀਤ ਸਿੰਘ ਨੇ ਐੱਸ.ਐੱਸ.ਪੀ. ਬਟਾਲਾ ਕੋਲੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜਾਅਲਸਾਜ਼ੀ ਕਰਨ ਦੇ ਦੋਸ਼ ਤਹਿਤ ਮਨਿੰਦਰ ਸਿੰਘ ਅਤੇ ਅਵਤਾਰ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।