ਬਟਾਲਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਦੀ ਸ਼ੁਰੂਆਤ ਕੂੜੇ ਦੇ ਪ੍ਰਬੰਧਨ ਲਈ ਮੁਹੱਲਾ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ – ਡੀ.ਸੀ.

ਬਟਾਲਾ ਸ਼ਹਿਰ ਨੂੰ ਸਾਫ਼-ਸੁਥਰੇ ਸ਼ਹਿਰ ਦਾ ਦਰਜਾ ਦਿਵਾਉਣ ਲਈ ਸ਼ਹਿਰ ਵਾਸੀ ਪ੍ਰਸ਼ਾਸਨ ਦਾ ਸਹਿਯੋਗ ਕਰਨ

ਬਟਾਲਾ, 24 ਨਵੰਬਰ (ਦਮਨ ਬਾਜਵਾ ) – ਇਤਿਹਾਸਕ ਨਗਰ ਬਟਾਲਾ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਅਤੇ ਸਮੁੱਚੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਬਟਾਲਾ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਮੂਹ ਬਟਾਲਾ ਵਾਸੀਆਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਅੱਜ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਬਟਾਲਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਮੋਹਤਬਰਾਂ ਅਤੇ ਸਫ਼ਾਈ ਸੇਵਕਾਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਡੰਪ ਮੁਕਤ ਕੀਤਾ ਜਾ ਰਿਹਾ ਹੈ ਅਤੇ ਹੁਣ ਕੂੜਾ ਸੁੱਟਣ ਲਈ ਇੱਕ ਵੀ ਡੰਪ ਸ਼ਹਿਰ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਹਿਰੀ ਆਪਣੇ ਘਰ ਦੇ ਕੂੜੇ ਨੂੰ ਬਾਹਰ ਨਾ ਸੁੱਟੇ ਬਲਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਇਕੱਤਰ ਕੀਤਾ ਜਾਵੇ, ਜਿਸਨੂੰ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਖੁਦ ਘਰੋਂ ਵੱਖ-ਵੱਖ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਗਿੱਲੇ ਕੂੜੇ ਨੂੰ ਕੰਪੋਸਟ ਪਿੱਟਸ ਵਿੱਚ ਲਿਜਾ ਕੇ ਕੰਪੋਸਟ ਖਾਦ ਤਿਆਰ ਕੀਤੀ ਜਾਵੇਗੀ ਜਦਕਿ ਸੁੱਕੇ ਕੂੜੇ ਨੂੰ ਰੀਸਾਈਕਲ ਕੀਤਾ ਜਾ ਸਕੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਸ਼ਹਿਰੀ ਆਪਣੇ ਘਰ ਵਿੱਚ ਵੀ ਗਿੱਲੇ ਕੂੜੇ ਨੂੰ ਕੰਪੋਸਟ ਕਰ ਸਕਦੇ ਹਨ ਅਤੇ ਕੰਪੋਸਟ ਹੋਇਆ ਕੂੜਾ ਉਨ੍ਹਾਂ ਦੀਆਂ ਫੁੱਲਾਂ ਅਤੇ ਸਬਜ਼ੀਆਂ ਦੀਆਂ ਕਿਆਰੀਆਂ ਵਿੱਚ ਦੇਸੀ ਖਾਦ ਦੇ ਕੰਮ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਵਾਸੀਆਂ ਨੂੰ ਕੂੜੇ ਦੀ ਸੰਭਾਲ ਕਰਨ ਦਾ ਇਹ ਮਾਡਲ ਅਪਨਾਉਣਾ ਹੀ ਪਵੇਗਾ ਕਿਉਂਕਿ ਇਸਤੋਂ ਇਲਾਵਾ ਕੂੜੇ ਦੀ ਸਮੱਸਿਆ ਦਾ ਕੋਈ ਹੋਰ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਭ ਤੋਂ ਸਾਫ਼ ਸ਼ਹਿਰ ਇੰਦੌਰ ਵਿੱਚ ਵੀ ਇਹੋ ਮਾਡਲ ਅਪਣਾਇਆ ਗਿਆ ਹੈ।ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਨੂੰ ਕਾਮਯਾਬ ਕਰਨ ਲਈ ਮੁਹੱਲਾ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਵੱਧ ਤੋਂ ਵੱਧ ਘਰੇਲੂ ਸੁਆਣੀਆਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਘਰ ਦੀਆਂ ਸੁਆਣੀਆਂ ਹੀ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਤਰ ਕਰਨ ਲੱਗ ਜਾਣ ਤਾਂ ਬੜੀ ਅਸਾਨੀ ਨਾਲ ਕੂੜੇ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਬਜ਼ਾਰ ਜਾਣ ਸਮੇਂ ਘਰ ਤੋਂ ਕੱਪੜੇ ਦਾ ਥੈਲਾ ਲੈ ਕੇ ਜਾਣ ਤਾਂ ਜੋ ਪਾਲੀਥੀਨ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੂੜੇ ਦੇ ਨਿਪਟਾਰੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਬਟਾਲਾ ਵਲੋਂ ਵਿਸ਼ੇਸ਼ ਜਾਗਰੂਕ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਬਟਾਲਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਮੌਕੇ ਬਟਾਲਾ ਸ਼ਹਿਰ ਦੇ ਮੋਹਤਬਰਾਂ ਨੇ ਡਿਪਟੀ ਕਮਿਸ਼ਨਰ ਨੂੰ ਹਰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਾਂਝੇ ਯਤਨਾ ਸਦਕਾ ਬਟਾਲਾ ਨੂੰ ਸਾਫ਼-ਸੁਥਰੇ ਸ਼ਹਿਰ ਦਾ ਦਰਜਾ ਦਿਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਬਟਾਲਾ ਵਾਸੀਆਂ ਨੇ ਆਪਣੇ ਕਈ ਕੀਮਤੀ ਸੁਝਾਵ ਵੀ ਰੱਖੇ।ਮੀਟਿੰਗ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਆਪਣੇ ਵਲੋਂ ਤਿਆਰ ਕੀਤਾ ਕੂੜਾ ਕੰਪੋਸਟ ਕਰਨ ਦੇ ਪ੍ਰੋਜੈਕਟ ਨੂੰ ਦਿਖਾਇਆ ਅਤੇ ਸ਼ਹਿਰੀਆਂ ਨੂੰ ਇਸ ਨੂੰ ਅਪਨਾਉਣ ਦੀ ਅਪੀਲ ਕੀਤੀ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ, ਸੁਖਦੀਪ ਸਿੰਘ ਤੇਜਾ, ਸਵਰਨ ਮੁੱਢ, ਡਾ. ਰਵਿੰਦਰ ਸਿੰਘ, ਡਾ. ਸਤਿੰਦਰ ਨਿੱਝਰ, ਹਰਵਿੰਦਰ ਕੌਰ ਟੁਨੂ, ਭਾਗੋਵਾਲੀਆ, ਅਨੁ ਵਰਮਾ, ਮੀਨਾ ਚਾਂਡੇ ਡਾ. ਸਰਕਾਰੀਆ, ਅਨੁ ਵਰਮਾ, ਠੇਕੇਦਾਰ ਭੁਪਿੰਦਰ ਸਿੰਘ, ਯਸਪਾਲ ਚੌਹਾਨ, ਸੁਨੀਲ ਸਰੀਨ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਕੰਚਨ ਚੌਹਾਨ, ਵਿਪਨ ਪੁਰੀ, ਮਨਜਿੰਦਰ ਸਿੰਘ ਸੰਧੂ, ਜਤਿੰਦਰ ਕੱਦ, ਵੇਦ ਕਪਾਹੀ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।

Leave a Reply

Your email address will not be published.