ਅਕਾਲੀ ਦਲ ਦੀ ਸ਼ਾਨ ਤੇ ਗੁਰੂ ਘਰਾਂ ਦੀ ਅਜ਼ਾਦੀ ਲਈ ਸਿੱਖ ਸੰਗਤਾਂ ਜਾਗਰੂਕ ਹੋਣ- ਜਥੇ: ਰਣਜੀਤ ਸਿੰਘ

ਪੰਜਾਬ ਅਪ ਨਿਊਜ਼ ਬਿਓਰੋ :- ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ‘ਚ ਪੈਦਾ ਹੋਇਆ ਸੀ ਪਰ ਇੱਕ ਪਰਿਵਾਰ ਵੱਲੋਂ ਇਸ਼ਨੂੰ ਘਰ ਦੀ ਜਗੀਰ ਬਣਾਉਣ ਨਾਲ ਪੰਥਕ ਸਿਧਾਤਾਂ ਨੂੰ ਢਾਅ ਲੱਗੀ ਹੈ। ਇਸ ਲਈ ਸਿੱਖ ਸੰਗਤ ਨੂੰ ਬਦਲਾਅ ਲਈ ਇੱਕ ਮੁੱਠ ਹੋਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇ: ਭਾਈ ਰਣਜੀਤ ਸਿੰਘ ਨੇ ਪਿੰਡ ਬਾਹਮਣ ਮਾਜਰਾ ਵਿਖੇ ਸੰਤ ਮੋਹਨ ਸਿੰਘ ਭਿੰਡਰ ਕਲਾਂ ਵਾਲਿਆਂ ਦੀ ਬਰਸੀ ਸਮਾਗਮ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਪੰਥਕ ਰਹੁਰੀਤ ਅਤੇ ਗੁਰੂ ਘਰਾਂ ਦੀ ਮਰਿਆਦਾ ਸਮਾਜ ਅੰਦਰ ਵਿਸ਼ੇਸ ਰੁਤਬਾ ਰੱਖਦੀ ਸੀ, ਕਿਉਂਕਿ ਇੱਕੋ ਇੱਕ ਸਿੱਧੀ ਦਾ ਸਿਧਾਂਤ ਹੀ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਸਿਧਾਂਤ ਨੂੰ ਤੋੜ ਕੇ ਅਕਾਲੀ ਦਲ ਤੇ ਸਿਰਫ਼ ਆਪਣੇ ਪਰਿਵਾਰ ਦਾ ਕਬਜਾ ਕਰ ਲੈਣ ਨਾਲ ਜਿਥੇ ਅਕਾਲੀ ਦਲ ਦੇ ਸਿਧਾਂਤ ਦੀ ਪ੍ਰੰਪਰਾਂ ਦਾ ਨੁਕਸਾਨ ਹੋਇਆ ਅਤੇ ਉਥੇ ਇਨ੍ਹਾਂ ਇਸ ਤੋਂ ਅੱਗੇ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਸੰਘਰਸ਼ ‘ਚ ਪੈਦਾ ਹੋਈ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਚੜਾਵੇ ਦੀ ਸੇਵਾ ਨੂੰ ਵੀ ਆਪਣੇ ਅਧੀਨ ਕਰਦਿਆਂ ਗੁਰਮਤਿ ਮਰਿਆਦਾ ਤੋੜਕੇ ਆਪਣੇ ਨਿੱਜੀ ਸਵਾਰਥ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਗੁਰਮਤਿ ਦੇ ਪ੍ਰਸਾਰ ਤੇ ਮਰਿਆਦਾ ਨੂੰ ਵੱਡੀ ਢਾਅ ਲੱਗੀ ਹੈ। ਇਸ ਲਈ ਇਹ ਸਭ ਸਿੱਖ ਕੌਮ ਦੀ ਇੱਕ ਵੰਗਾਰ ਹੈ। ਜਿਸ ਲਈ ਸ਼੍ਰੋਮਣੀ ਕਮੇਟੀ ਚੋਣਾਂ ਰਾਹੀਂ ਸਵਾਰਥ ਦੇ ਤਿਆਗ ਲਈ ਕੁਰਬਾਨੀ ਕਰਦਿਆਂ ਪੰਥ ਤੇ ਗੁਰਧਾਮਾਂ ਦੀ ਅਜ਼ਾਦੀ ਲਈ ਫਰਜ਼ ਨਿਭਾਉਣ ਲਈ ਇੱਕ ਨਿਸ਼ਾਨ ਹੇਠ ਇਕੱਠੇ ਹੋਣਾ ਲਾਜ਼ਮੀ ਹੈ। ਉਨ੍ਹਾਂ ਹਰ ਸਿੱਖ ਨੂੰ ਆਪਣੇ ਫਰਜ਼ਾਂ ਤੋਂ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਹੁਣ ਤੋਂ ਹੀ ਆਪਣੇ ਆਪਣੇ ਇਲਾਕਿਆਂ ‘ਚ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ। ਇਸ ਮੌਕੇ ਬਾਬਾ ਗੁਰਮੀਤ ਸਿੰਘ ਬ੍ਰਾਹਮਣਮਾਜਰਾ, ਭਾਈ ਰੇਸ਼ਮ ਸਿੰਘ ਬਡਾਲੀ, ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਗੁਰਸ਼ਰਨ ਸਿੰਘ ਐਸ ਡੀ ਓ, ਸਤਨਾਮ ਸਿੰਘ ਬ੍ਰਾਹਮਣ ਮਾਜਰਾ, ਰਛਪਾਲ ਸਿੰਘ ਚੁੱਪਕੀ, ਰਵਿੰਦਰ ਸਿੰਘ ਚੈੜੀਆਂ ਤੇ ਡਾ. ਇੰਦਰਜੀਤ ਸਿੰਘ ਬਡਾਲੀ ਆਦਿ ਮੋਹਤਬਰ ਵੀ ਹਾਜ਼ਰ ਸਨ।