ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਵੱਲੋਂ ਮਾਰਸ਼ਲ ਗਰੁੱਪ ਦੀ ਹਮਾਇਤ ਦਾ ਐਲਾਨ

ਮਾਮਲਾ ਹਸਪਤਾਲ ਦੀ ਅਪਗ੍ਰੇਡੇਸਨ ਦਾ
ਜਗਦੀਸ਼ ਸਿੰਘ /ਗੁਰਸੇਵਕ ਸਿੰਘ ਕੁਰਾਲੀ – ਸਥਾਨਕ ਕਮਿਊਨਟੀ ਹੈਲਥ ਸੈਂਟਰ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਅਤੇ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਲਈ 53 ਦਿਨਾਂ ਤੋਂ ਭੁੱਖ ਹੜਤਾਲ ਤੇ ਡਟੇ ਮਾਰਸ਼ਲ ਗਰੁੱਪ ਦਾ ਸੰਘਰਸ਼ ਦਿਨੋਂ ਦਿਨ ਮਜਬੂਤੀ ਫੜਦਾ ਜਾ ਰਿਹਾ ਹੈ| ਅੱਜ ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨੇ ਸਾਥੀਆਂ ਸਮੇਤ ਆ ਕੇ ਮਾਰਸ਼ਲ ਗਰੁੱਪ ਵੱਲੋਂ ਵਿਢੇ ਸੰਘਰਸ਼ ਵਿਚ ਹਰ ਪ੍ਰਕਾਰ ਦਾ ਸਾਥ ਦੇਣ ਦਾ ਐਲਾਨ ਕੀਤਾ |
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਆਪਣੇ ਜਿਲੇ ਵਿਚ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿਚ ਬੁਰੀ ਤਰਾਂ ਫੇਲ੍ਹ ਸਿੱਧ ਹੋਇਆ ਹੈ | ਉਨ੍ਹਾਂ ਕਿਹਾ ਕਿ ਕੁਰਾਲੀ ਦੇ ਲੋਕਾਂ ਵੱਲੋਂ ਦਾਨ ਕੀਤੀ ਕਰੋੜਾਂ ਦੀ ਜਮੀਨ ਤੇ ਬਣਿਆ ਹੈਲਥ ਸੈਂਟਰ ਸਿਹਤ ਸਹੂਲਤਾਂ ਦੀ ਘਾਟ ਕਾਰਨ ਚਿੱਟਾ ਹਾਥੀ ਬਣਕੇ ਰਹਿ ਗਿਆ ਹੈ | ਸੂਬਾ ਪ੍ਰਧਾਨ ਨੇ ਕਿਹਾ ਕਿ ਹੈਲਥ ਸੈਂਟਰ ਨੈਸ਼ਨਲ ਹਾਈਵੇ ਤੇ ਹੋਣ ਕਾਰਨ ਸਰਕਾਰ ਦੀ ਨੀਯਤ ਵਿਚ ਖੋਟ ਨਜ਼ਰ ਆਉਂਦੀ ਹੈ | ਇਸੇ ਲਈ ਉਹ ਇਸ ਸੈਂਟਰ ਨੂੰ ਅਪਗ੍ਰੇਡ ਕਾਰਨ ਚ ਕੋਈ ਰੁਚੀ ਨਹੀਂ ਦਿਖਾ ਰਹੇ | ਉਨ੍ਹਾਂ ਕਿਹਾ ਕਿ ਉਹ ਸਰਕਾਰਾਂ ਦੀ ਮਾੜੀ ਨੀਯਤ ਦੇ ਸੁਪਨੇ ਸਾਕਾਰ ਨਹੀਂ ਹੋਣ ਦੇਣਗੇ ਅਤੇ ਇਸ ਹਸਪਤਾਲ ਨੂੰ ਬਚਾਉਣ ਅਤੇ ਅਪਗ੍ਰੇਡ ਕਰਾਉਣ ਲਈ ਹਰ ਤਰ੍ਹਾਂ ਦੇ ਸੰਘਰਸ਼ ਤੋਂ ਪਿਛੇ ਨਹੀਂ ਹਟਣਗੇ| ਇਸ ਲਈ ਚਾਹੇ ਉਨ੍ਹਾਂ ਨੂੰ ਸਿਹਤ ਮੰਤਰੀ ਦਾ ਘਿਰਾਓ ਕਰਨਾ ਪਿਆ ਜਾਂ ਮੁਖ ਮੰਤਰੀ ਦਾ ਘਿਰਾਓ ਕਰਨਾ ਪਿਆ, ਉਸੋੰ ਪਿਛੇ ਨਹੀਂ ਹਟਣਗੇ ਅਤੇ ਮਾਰਸ਼ਲ ਗਰੁੱਪ ਦਾ ਪੂਰਾ ਸਾਥ ਦੇਣਗੇ |
ਇਸ ਮੌਕੇ ਬੋਲਦਿਆਂ ਮਾਰਸ਼ਲ ਗਰੁੱਪ ਦੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸ ਤਹਿਤ ਡੀ.ਸੀ. ਦਫਤਰ, ਸਿਹਤ ਮੰਤਰੀ ਤੇ ਜੇਕਰ ਲੋੜ ਪਈ ਤਾਂ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਮੁਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਵੀ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਮਾਰਸ਼ਲ ਗਰੁੱਪ ਵੱਲੋਂ ਮਨਜੀਤ ਸਿੰਘ ਸੂਬਾ ਪ੍ਰਧਾਨ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਭੁਪਿੰਦਰ ਸਿੰਘ ਜਨਰਲ ਸਕੱਤਰ, ਜਿਲਾ ਪ੍ਰਧਾਨ ਵੀ ਹਾਜਰ ਸਨ |