ਰਡਿਆਲ਼ਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਦਾ ਡੀਸੀ ਵੱਲੋਂ ਉਚੇਚਾ ਸਨਮਾਨ

0

ਰਡਿਆਲ਼ਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਦਾ ਡੀਸੀ ਵੱਲੋਂ ਉਚੇਚਾ ਸਨਮਾਨ
ਖਰੜ/ਮੋਹਾਲੀ :25 ਜੁਲਾਈ:

ਖਰੜ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ‘ਲਵ’ ਆਪਣੀ ਕਮਾਲ ਦੀ ਚਿਤਰਕਾਰੀ ਕਾਰਨ ਹੁਣ ਪੂਰੇ ਜ਼ਿਲ੍ਹੇ ਵਿੱਚ ਚਮਕਣ ਲੱਗ ਪਿਆ ਹੈ। ‘ਲਵ’ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ ਪਰ ਚਿਤਰਕਾਰੀ ਕਮਾਲ ਦੀ ਕਰਦਾ ਹੈ। ਵਿਦਿਆਰਥੀ ਦੇ ਇਸ ਗੁਣ ਨੂੰ ਸਨਮਾਨਿਤ ਕਰਨ ਅਤੇ ਇੱਕ ਆਮ ਜਿਹੇ ਘਰ ਦੇ ਬੱਚੇ ਅੰਦਰ ਛੁਪੀ ਪ੍ਰਤਿਭਾ ਨੂੰ ਖੰਭ ਲਾਉਣ ਦੇ ਉਦੇਸ਼ ਨਾਲ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਵ ਨੂੰ ਅੱਜ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡਿਪਟੀ ਕਮਿਸ਼ਨਰ, ਮੋਹਾਲੀ ਅਮਿਤ ਤਲਵਾੜ ਨੇ ਆਪਣੇ ਦਫਤਰ ਵਿਖੇ ਦਿੱਤਾ।

ਲਵ ਦੇ ਸਕੂਲ ਹੈਡਮਾਸਟਰ ਨੇ ਇਸ ਨਾਮਾਂਕਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੁਸ਼ੀਲ ਨਾਥ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਕੰਚਣ ਸ਼ਰਮਾ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਏ ਗਏ ਸਮਰ ਕੈਂਪ ‘ਚ ਇਸ ਵਿਦਿਆਰਥੀ ਨੇ ਕਮਾਲ ਦੀਆਂ ਤਸਵੀਰਾਂ ਬਣਾਈਆਂ ਜਿਨ੍ਹਾਂ ਨੂੰ ਦੇਖ ਕੇ ਉਸ ਦੇ ਗਾਈਡ ਅਧਿਆਪਕ ਮਨਦੀਪ ਸਿੰਘ ਨੂੰ ਲੱਗਾ ਕਿ ਇਸ ਵਿਦਿਆਰਥੀ ਦੀ ਪ੍ਰਤਿਭਾ ਨੂੰ ਹੋਰ ਵੀ ਨਿਖਾਰਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਵਿਦਿਆਰਥੀ ਦੀ ਹੋਰ ਅਗਵਾਈ ਕੀਤੀ ਅਤੇ ਛੁੱਟੀਆਂ ਖਤਮ ਹੋਣ ‘ਤੇ ਉਸ ਦਾ ਕੰਮ ਆਪਣੇ ਹੈਡਮਾਸਟਰ ਮੂਹਰੇ ਪੇਸ਼ ਕੀਤਾ।

ਸਕੂਲ ਹੈਡਮਾਸਟਰ ਨੇ ਤੁਰੰਤ ਸੀਮਿਤ ਵਸੀਲਿਆਂ ਦੀ ਵਰਤੋਂ ਕਰਦੇ ਹੋਏ ਉਸ ਦੇ ਬਣਾਏ ਚਿੱਤਰਾਂ ਨੂੰ ਸਕੂਲ ‘ਚ ਪ੍ਰਦਰਸ਼ਿਤ ਕਰਨ ਦੇ ਆਦੇਸ਼ ਕਰ ਦਿੱਤੇ। ਇਹ ਲਵ ਦੇ ਚਿੱਤਰਾਂ ਦੀ ਪਹਿਲੀ ਪ੍ਰਦਰਸ਼ਨੀ ਸੀ। ਹੈਡਮਾਸਟਰ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਇੱਕ ਵੱਡੀ ਪ੍ਰਦਰਸ਼ਨੀ ਲਾਉਣ ਦਾ ਹੈ – ਜੇਕਰ ਕੋਈ ਸੰਸਥਾ ਆਦਿ ਇਸ ਮਹਿੰਗੇ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਮੰਨ ਜਾਵੇ। ਇਸ ਵਿਦਿਆਰਥੀ ਦੇ ਪਿਤਾ ਜੀ ਦਿਹਾੜੀਦਾਰ ਹਨ ਜਿਸ ਕਾਰਨ ਉਹ ਵੀ ਲਵ ਨੂੰ ਉਤਸ਼ਾਹਿਤ ਕਰਨ ਲਈ ਬਹੁਤਾ ਕੁਝ ਨਹੀਂ ਕਰ ਸਕਦੇ।

ਦੋਵੇਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਵਿਦਿਆਰਥੀ ਅਤੇ ਉਸ ਦੇ ਗਾਈਡ ਅਧਿਆਪਕ ਨੂੰ ਮੁਬਾਰਕਬਾਦ ਦਿੰਦਿਆਂ ਸਫਰ ਜਾਰੀ ਰੱਖਣ ਲਈ ਪ੍ਰੇਰਿਆ। ਲਵ ਦੇ ਗਾਈਡ ਅਧਿਆਪਕ ਜੋ ਕਿ ਖੁਦ ਵੀ ਇੱਕ ਵਧੀਆ ਆਰਟਿਸਟ ਹਨ, ਨੇ ਪੂਰੇ ਭਰੋਸੇ ਨਾਲ ਕਿਹਾ ਕਿ ਇੱਕ ਦਿਨ ਇਹ ਵਿਦਿਆਰਥੀ ਮਕਬੂ਼ਲ ਆਰਟਿਸਟ ਬਣੇਗਾ ਅਤੇ ਸਭ ਦਾ ਨਾਮ ਰੋਸ਼ਨ ਕਰੇਗਾ।

About Author

Leave a Reply

Your email address will not be published. Required fields are marked *

You may have missed